India

ਮਾਂ ਬੋਲੀ ਨੂੰ ਪਿੱਠ ਦਿਖਾਉਣ ਕਾਰਨ ਗੁਰਦਾਸ ਮਾਨ ਦਾ PU ‘ਚ ਵਿਰੋਧ, ਵਿਦਿਆਰਥੀ ਪੁਲਿਸ ਨੇ ਚੱਕੇ

ਚੰਡੀਗੜ੍ਹ- (ਅਤਰ ਸਿੰਘ / ਦਿਲਪ੍ਰੀਤ ਸਿੰਘ) ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕਾਊਂਸਲ ਵੱਲੋਂ 7 ਮਾਰਚ ਦੀ ਸ਼ਾਮ ਨੂੰ ਕਰਵਾਏ ਜਾ ਰਹੇ ਪੈਗਾਮ-2020ਪ੍ਰੋਗਰਾਮ ਵਿੱਚ ਲਾਈਵ ਸ਼ੋਅ ਕਰਨ ਲਈ ਆ ਰਹੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵਿਦਿਆਰਥੀ ਜਥੇਬੰਦੀਆਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ। ‘ਸੱਥ’ ਅਤੇ ‘ਅਕਾਦਮਿਕ ਫੋਰਮ ਆਫ਼ ਸਿੱਖ ਸਟੂਡੈਂਟ’ ਵਿਦਿਆਰਥੀ ਜਥੇਬੰਦੀਆਂ ਨੇ ਗੁਰਦਾਸ ਮਾਨ ਦਾ ਵਿਰੋਧ ਕੀਤਾ। ਵਿਦਿਆਰਥੀ ਕਾਊਂਸਲ ਵੱਲੋਂ ਕੈਂਪਸ ਵਿਖੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਗੁਰਦਾਸ ਮਾਨ ਨੂੰ ਗੀਤ ਗਾਉਣ ਲਈ ਸੱਦਿਆ ਗਿਆ ਸੀ।

ਇਨ੍ਹਾਂ ਜਥੇਬੰਦੀਆਂ ਨੇ ਗੁਰਦਾਸ ਮਾਨ ਦੇ ਸ਼ੋਅ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਮਾਗਮ ‘ਚ ਤਾਇਨਾਤ ਭਾਰੀ ਪੁਲਿਸ ਫੋਰਸ ਨੇ ਹਾਲਾਤ ਨੂੰ ਕਾਬੂ ਵਿੱਚ ਕਰ ਲਿਆ ਸੀ। ਪੁਲਿਸ ਵਿਰੋਧ ਕਰ ਰਹੇ ਨੌਜਵਾਨਾਂ ਨੂੰ ਚੁੱਕ ਕੇ 11 ਸੈਕਟਰ ਦੇ ਥਾਣੇ ਵਿੱਚ ਲੈ ਗਈ ਪਰ ਦੇਰ ਰਾਤ ਇਨ੍ਹਾਂ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਗੁਰਦਾਸ ਮਾਨ ਦਾ ਸ਼ੋਅ ਤੈਅ ਹੋਣ ਤੋਂ ਬਾਅਦ ਹੀ ਇਨ੍ਹਾਂ ਵਿਦਿਆਰਥੀ ਜਥੇਬੰਦੀਆਂ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਗੁਰਦਾਸ ਮਾਨ ਨੇ ਸਟੇਜ ‘ਤੇ ਗਾਉਣਾ ਸ਼ੁਰੂ ਕੀਤਾ ਤਾਂ ਇਨ੍ਹਾਂ ਜਥੇਬੰਦੀਆਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਗੁਰਦਾਸ ਮਾਨ ਇਸ ਵਿਰੋਧ ਦੇ ਬਾਵਜੂਦ ਵੀ ਗੁਰਦਾਸ ਮਾਨ ਗਾਉਂਦਾ ਰਿਹਾ।

ਇਸ ਦੌਰਾਨ ਵਿਰੋਧ ਕਰਨ ਵਾਲਿਆਂ ਨੇ ਹੱਥਾਂ ਵਿੱਚ ਗੁਰਦਾਸ ਮਾਨ ਨੂੰ ਮਾਂ-ਬੋਲੀ ਦਾ ਗੱਦਾਰ ਦੱਸਦੇ ਹੋਏ ਪੋਸਟਰ ਵੀ ਲਹਿਰਾਏ। ਇਸ ਵਿਰੋਧ ਵਿੱਚ ਪੁਲਿਸ ਨੇ ਵਿਦਿਆਰਥੀਆਂ ਨਾਲ ਧੱਕਾ-ਮੁੱਕੀ ਕੀਤੀ ਅਤੇ ਇਸ ਧੱਕਾ-ਮੁੱਕੀ ਵਿੱਚ ਇੱਕ ਵਿਦਿਆਰਥੀ ਦੀ ਦਸਤਾਰ ਉਤਾਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਵਿਦਿਆਰਥੀ ਜਥੇਬੰਦੀਆਂ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਪ੍ਰਤੀ ਕਥਿਤ ਮਾੜੀ ਭਾਵਨਾ ਰੱਖਣ ਅਤੇ ਪੰਜਾਬੀ ਲਿਖਾਰੀ ਲਈ ਸਟੇਜ ਤੋਂ ਕਥਿਤ ਅਪਸ਼ਬਦ ਬੋਲਣ ਵਾਲੇ ਗੁਰਦਾਸ ਮਾਨ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਲਈ ਉਸ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ।

ਗੁਰਦਾਸ ਮਾਨ ਨੇ ਸਾਰੀ ਉਮਰ ਮਾਂ-ਬੋਲੀ ਦੇ ਸਿਰ ‘ਤੇ ਦੋਲਤ ਅਤੇ ਸ਼ੁਹਰਤ ਕਮਾਉਣ ਤੋਂ ਬਾਅਦ ਮਾਂ-ਬੋਲੀ ਤੋਂ ਕਿਨਾਰਾ ਕਰਕੇ ਇੱਕ ਦੇਸ਼ ਇੱਕ ਬੋਲੀ ਦੇ ਫਿਰਕੂ ਸਰਕਾਰੀ ਮਨਸੂਬੇ ਦੀ ਹਾਮੀ ਭਰੀ ਸੀ,ਜਿਸਦਾ ਪੰਜਾਬ ਦੇ ਲੋਕਾਂ ਨੇ ਵਿਰੋਧ ਕੀਤਾ ਸੀ। ਇਸੇ ਕਰਕੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਰਾਤ ਨੂੰ ਉਸਦੇ ਸ਼ੋਅ ਦਾ ਵਿਰੋਧ ਕੀਤਾ ਗਿਆ ਸੀ।