‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਮੁਕਤਸਰ ਵਿੱਚ ਲਾਵਾਰਿਸ ਮਿਲੀ ਬਜ਼ੁਰਗ ਮਾਂ ਦੇ ਮਾਮਲੇ ਦੀ ਜਾਂਚ ਦੌਰਾਨ ਮੁਕਤਸਰ ਦੇ DC ਵੱਲੋਂ ਸੌਂਪੀ ਗਈ ਰਿਪੋਰਟ ਵਿੱਚ ਬਜ਼ੁਰਗ ਮਾਂ ਦੇ ਪੁੱਤਰ ਬਲਵਿੰਦਰ ਸਿੰਘ ਅਤੇ ਕੇਅਰ ਟੇਕਰ ਨੂੰ ਉਸਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਰਿਪੋਰਟ ਦੇ ਆਧਾਰ ‘ਤੇ ਦੋਵਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਨੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦਿਆਂ ਇਸ ਬਜ਼ੁਰਗ ਮਾਂ ਦਾ ਖਿਆਲ ਤੱਕ ਨਹੀਂ ਰੱਖਿਆ।
ਇੰਨਾ ਹੀ ਨਹੀਂ, ਜਾਂਚ ਦੌਰਾਨ ਬਲਵਿੰਦਰ ਸਿੰਘ ਤੇ ਕੇਅਰ ਟੇਕਰ ਨੇ ਪੰਜਾਬ ਮਹਿਲਾ ਕਮਿਸ਼ਨ ਨੂੰ ਵੀ ਗੁੰਮਰਾਹ ਕੀਤਾ ਸੀ। ਜਿਸ ਹਸਪਤਾਲ ਵਿੱਚ ਇਸ ਬਜ਼ੁਰਗ ਮਾਂ ਨੂੰ ਦਾਖਲ ਕਰਵਾਇਆ ਗਿਆ ਸੀ, ਉਸ ਹਸਪਤਾਲ ਨੇ ਬਿਆਨ ਦਿੰਦਿਆਂ ਕਿਹਾ ਕਿ ਬਜ਼ੁਰਗ ਮਾਂ ਦਾ ਪੂਰੀ ਤਰ੍ਹਾਂ ਇਲਾਜ਼ ਕਰਵਾਏ ਬਿਨਾਂ ਹੀ ਉਸਨੂੰ ਹਸਪਤਾਲ ਤੋਂ ਲਿਜਾਇਆ ਗਿਆ, ਜਿਸ ਕਰਕੇ ਹਸਪਤਾਲ ਨੇ ਮਰੀਜ਼ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ।
ਇਹ ਬਜ਼ੁਰਗ ਮਹਿਲਾ ਆਪਣੇ ਪੁੱਤਰ ਬਲਵਿੰਦਰ ਸਿੰਘ ਕੋਲ ਰਹਿ ਰਹੀ ਸੀ ਅਤੇ ਕੁੱਝ ਸਮੇਂ ਤੋਂ ਇਸ ਦੀ ਸੰਭਾਲ ਕੇਅਰ ਟੇਕਰ ਹੀ ਕਰ ਰਿਹਾ ਸੀ। 14 ਅਗਸਤ ਨੂੰ ਇਹ ਬਜ਼ੁਰਗ ਮਹਿਲਾ ਪੁਲਿਸ ਨੂੰ ਇੱਕ ਘਰ ਦੇ ਬਾਹਰ ਬੇਹੱਦ ਗੰਭੀਰ ਅਤੇ ਤਰਸਯੋਗ ਹਾਲਤ ਵਿੱਚ ਮਿਲੀ ਸੀ ਜਿਸਨੂੰ ਪੁਲਿਸ ਨੇ ਸਮਾਜ ਸੇਵੀ ਸੰਸਥਾ ਦੀ ਮਦਦ ਦੇ ਨਾਲ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਬਜ਼ੁਰਗ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿੱਥੇ ਮਹਿਲਾ ਨੇ ਚਾਰ ਦਿਨ ਬਾਅਦ ਦਮ ਤੋੜ ਦਿੱਤਾ ਸੀ।