Punjab

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਮੁਹਾਲੀ : ਪੰਜਾਬ ਪੁਲਿਸ ਨੇ ਮੁਹਾਲੀ ਦੇ ਇੰਟੈਲੀਜੈਂਸ ਬਿਊਰੋ ਦੇ ਦਫਤਰ ‘ਤੇ ਹੋਏ ਹਮਲੇ ਵਿੱਚ ਸ਼ਾਮਲ 11 ਵੇਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ । ਇਸ ਦੀ ਪਛਾਣ ਗੁਰਪਿੰਦਰ ਉਰਫ ਪਿੰਦੂ ਵਜੋਂ ਹੋਈ ਹੈ ਤੇ ਇਸ ਦੀ ਜਾਣਕਾਰੀ ਖੁੱਦ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ. ) ਪੰਜਾਬ ਗੌਰਵ ਯਾਦਵ ਨੇ ਦਿੱਤੀ ਹੈ।  ਦੱਸਣਯੋਗ ਹੈ ਕਿ  9 ਮਈ, 2022 ਨੂੰ ਮੋਹਾਲੀ ਵਿਖੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਲਗਭਗ 19:45 ਵਜੇ ਇੱਕ ਆਰ.ਪੀ.ਜੀ. ਹਮਲਾ ਹੋਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਖੇਮਕਰਨ ਦੇ ਪਿੰਡ ਭੂਰਾ ਕੋਨਾ ਦਾ ਵਾਸੀ ਹੈ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਮੁਲਜ਼ਮ ਕੈਨੇਡਾ ਰਹਿ ਰਹੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਦਾ ਨਜ਼ਦੀਕੀ ਸਾਥੀ ਹੈ ਅਤੇ ਉਕਤ ਹਮਲੇ ਦੌਰਾਨ ਮੁਲਜ਼ਮ ਨਿਸ਼ਾਨ ਸਿੰਘ ਅਤੇ ਚੜਤ ਸਿੰਘ ਦੇ ਲਗਾਤਾਰ ਸੰਪਰਕ ਵਿੱਚ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 25 ਅਪ੍ਰੈਲ 2022 ਨੂੰ ਮੁਲਜਮ ਚੜਤ ਸਿੰਘ, ਨਿਸ਼ਾਨ ਸਿੰਘ ਅਤੇ ਬਲਜਿੰਦਰ ਰੈਂਬੋ ਆਰਪੀਜੀ ਅਤੇ ਅਸਾਲਟ ਰਾਈਫਲ ਦੀ ਖੇਪ ਤਰਨਤਾਰਨ ਤੋਂ ਅੰਮ੍ਰਿਤਸਰ ਲੈ ਕੇ ਆਏ ਸਨ ਅਤੇ ਇਸ ਖੇਪ ਨੂੰ ਅੰਮਿ੍ਰਤਸਰ ਦੇ ਅਲਫਾ ਮਾਲ ਨੇੜੇ ਪਿੰਦੂ ਦੇ ਘਰ ਰੱਖਿਆ ਸੀ। ਉਨਾਂ  ਅੱਗੇ ਕਿਹਾ ਕਿ ਦੋਸ਼ੀ ਨੇ ਉਸੇ ਰਾਤ ਦੋਨਾਂ ਸ਼ੂਟਰਾਂ- ਦੀਪਕ ਅਤੇ ਇੱਕ ਨਾਬਾਲਗ ਨੂੰ ਆਪਣੇ ਘਰ ਵਿੱਚ ਪਨਾਹ ਵੀ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਮੁਲਜ਼ਮ ਗੁਰਪਿੰਦਰ ਪਿੰਦੂ ਦੀ ਗ੍ਰਿਫਤਾਰੀ ਨਾਲ ਹੁਣ ਤੱਕ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਵਿੱਚ 9 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ । ਜਦੋਂ ਕਿ ਇੱਕ ਹੋਰ ਨਾਬਾਲਗ ਮੁਲਜਮ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਇੱਕ ਹੋਰ ਮੁਲਜਮ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ, ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਹਾਲ ਹੀ ‘ਚ ਗ੍ਰਿਫਤਾਰ ਕੀਤਾ ਹੈ, ਜਿਸ ਨਾਲ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਗਿਣਤੀ ਹੁਣ ਤੱਕ ਕੁੱਲ 11 ਹੈ।