‘ਦ ਖ਼ਾਲਸ ਬਿਊਰੋ:- ਕੱਲ 25 ਸਤੰਬਰ ਨੂੰ ਨਾਭਾ ਵਿੱਚ ਸਵੇਰੇ 11 ਵਜੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਸਮੂਹ ਕਿਸਾਨ ਜਥੇਬੰਦੀਆਂ ਦੇ “ਸ਼ਾਂਤਮਈ ਪੰਜਾਬ ਬੰਦ” ਦੇ ਸੱਦੇ ‘ਤੇ ਰਣਜੀਤ ਬਾਵਾ, ਤਰਸੇਮ ਜੱਸੜ, ਹਰਜੀਤ ਹਰਮਨ, ਕੁਲਵਿੰਦਰ ਬਿੱਲਾ, ਸਟਾਲਿਨਵੀਰ, ਹਰਭਜਨ ਮਾਨ, ਅਵਕਾਸ਼ ਮਾਨ ਕਿਸਾਨ ਦੇ ਪੁੱਤ ਹੋਣ ਦੇ ਨਾਤੇ ਸ਼ਮੂਲੀਅਤ ਕਰਨਗੇ।
ਬਾਕੀ ਕਈ ਹੋਰ ਕਲਾਕਾਰ ਵੀ ਅਲੱਗ-ਅਲੱਗ ਸ਼ਹਿਰਾਂ ਵਿੱਚ ਹਾਜ਼ਰੀ ਭਰਨਗੇ। ਪੰਜਾਬੀ ਗਾਇਕ ਹਰਭਜਨ ਮਾਨ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੀ ਇੱਕੋ ਇੱਕ ਪਾਰਟੀ “ਸ਼ਾਂਤਮਈ ਕਿਸਾਨ ਸੰਘਰਸ਼” ਹੈ। ਹਰ ਉਮਰ, ਹਰ ਵਰਗ, ਹਰ ਜ਼ਾਤ, ਹਰ ਕਿੱਤੇ ਦੇ ਪੰਜਾਬੀ ਨੂੰ ਇਸ ਸ਼ਾਤਮਈ ਸੰਘਰਸ਼ ‘ਚ ਸ਼ਾਮਿਲ ਹੋਣਾ ਚਾਹੀਦਾ ਹੈ ਨਹੀਂ ਤਾਂ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ।
ਨੌਜਵਾਨ ਵਰਗ ਨੂੰ ਹੱਥ ਬੰਨਕੇ ਗੁਜ਼ਾਰਿਸ਼ ਹੈ ਕਿ ਧਰਨਾ ਹਰ ਹਾਲਤ “ਸ਼ਾਂਤਮਈ” ਹੋਣਾ ਚਾਹੀਦਾ ਹੈ। “ਜੋਸ਼ ਦੇ ਨਾਲ ਹੋਸ਼” ਕਦੇ ਵੀ ਨਹੀਂ ਖੋਹਣਾ। ਸਾਨੂੰ ਭੜਕਾਉਣ ਦੀਆਂ ਬਹੁਤ ਕੋਸ਼ਿਸ਼ਾਂ ਹੋਣਗੀਆਂ, ਦੇਖਿਓ ਕਿਤੇ ਗ਼ਲਤੀ ਨਾ ਕਰ ਜਾਇਓ। ਹੁੱਲੜਬਾਜ਼ੀ ਤੋਂ ਦੂਰ ਰਹਿਆ ਜਾਵੇ। ਹੁੱਲੜਬਾਜ਼ਾਂ ਨੂੰ ਕਦੇ ਹੱਕ ਨੀ ਮਿਲਿਆ ਕਰਦੇ। ਨਾਲ ਦੀ ਨਾਲ ਇਹ ਵੀ ਮਿੰਨਤ ਹੈ ਕਿ “ਏਕਤਾ” ਰੱਖਿਓ ਤੇ ਸਾਰੇ ਰਲਕੇ ਸਿਰਫ਼ ਤੇ ਸਿਰਫ਼ ਕਿਸਾਨ ਜਥੇਬੰਦੀਆਂ ਵਾਲੇ ਸਾਂਝੇ ਸ਼ਾਂਤਮਈ ਸੰਘਰਸ਼ ਵਾਲੇ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਯਤਨ ਕਰੀਏ।