‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਆਈਟੀ ਟੀਮ ਨੇ ਉਨ੍ਹਾਂ ਦੇ (ਨਵਜੋਤ ਸਿੱਧੂ) ਦੇ ਟਵਿੱਟਰ ਹੈਂਡਲ ਤੋਂ ਨਵਜੋਤ ਸਿੱਧੂ ਦੀ ਛੇ ਮਈ ਨੂੰ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੀ ਕਲਿੱਪ ਸਾਂਝੀ ਕੀਤੀ ਹੈ। ਇਸ ਵੀਡੀਓ ਕਲਿੱਪ ਵਿੱਚ ਨਵਜੋਤ ਸਿੱਧੂ ਨੇ ਆਪ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿਰਫ਼ ਪਬਲੀਸਿਟੀ ਸਟੰਟ ਲਈ ਸੁਰੱਖਿਆ ਵਾਪਸ ਲੈ ਕੇ ਪੁਲਿਸ ਦਾ ਸਿਆਸੀਕਰਨ ਨਾ ਕਰਨ ਦੀ ਸਲਾਹ ਦਿੱਤੀ ਸੀ ਅਤੇ ਇਸ ਦੇ ਗੰਭੀਰ ਨਤੀਜਿਆਂ ਦੀ ਚੇਤਾਵਨੀ ਦਿੱਤੀ ਸੀ। ਸਿੱਧੂ ਦੀ ਟੀਮ ਨੇ ਟਵੀਟ ਵਿੱਚ ਲਿਖਿਆ ਕਿ ਕਾਸ਼ CM ਨੇ ਸੁਣਿਆ ਹੁੰਦਾ…ਪਰਮਾਤਮਾ ਸ਼ੁਭਦੀਪ ਸਿੱਧੂ ਮੂਸੇਵਾਲਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਸਾਂਝੀ ਕੀਤੀ ਗਈ ਵੀਡੀਓ ਕਲਿੱਪ ਵਿੱਚ ਨਵਜੋਤ ਸਿੱਧੂ ਕਹਿ ਰਹੇ ਹਨ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਤਹਿਸ ਨਹਿਸ ਹੈ। 50 ਬੰਦੇ 50 ਦਿਨਾਂ ਵਿੱਚ ਹੀ ਮਰ ਜਾਣ ਅਤੇ ਲੋਕ 12-12 ਸਾਲ ਦੇ ਜਵਾਕਾਂ ਨੂੰ ਆ ਕੇ ਗੋਲੀ ਮਾਰ ਜਾਣ ਪਰ ਤੁਸੀਂ ਕਹਿੰਦੇ ਹੋ ਕਿ ਸਿਕਿਓਰਿਟੀ ਦੀ ਲੋੜ ਨਹੀਂ ਹੈ। ਸਿਕਿਓਰਿਟੀ ਦੀ ਲੋੜ ਕੀ ਸਿਰਫ਼ ਤੁਹਾਡੀ ਭੈਣ ਨੂੰ ਹੀ ਹੈ, ਕੀ ਉਹਨਾਂ ਬੱਚਿਆਂ ਨੂੰ ਨਹੀਂ ਲੋੜ ਜਿਨ੍ਹਾਂ ਨੂੰ ਲੋਕ ਗੋਲੀਆਂ ਮਾਰ ਰਹੇ ਹਨ। ਤੁਸੀਂ ਜੋ ਉਪਦੇਸ਼ ਦਿੰਦੇ ਹੋ, ਉਹ ਆਪਣੇ ਉੱਤੇ ਵੀ ਲਾਗੂ ਕਰੋ। ਮੈਂ ਭਗਵੰਤ ਮਾਨ ਉੱਤੇ ਕੋਈ ਨਿੱਜੀ ਵਾਰ ਨਹੀਂ ਕਰਦਾ ਪਰ ਕੀ ਭਗਵੰਤ ਮਾਨ ਉਦੋਂ ਹੀ ਜਾਗੂ ਜਦੋਂ ਕੋਈ ਲੀਡਰ ਮਰੂ।