Punjab

ਨਵਜੋਤ ਸਿੱਧੂ ਕਿਉਂ ਲਾ ਰਹੇ ਆਪਣੀ ਹੀ ਸਰਕਾਰ ‘ਤੇ ਨਿਸ਼ਾਨੇ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਪਹਿਲਾਂ ਐਡਵੋਕੇਟ ਜਨਰਲ (ਏਜੀ) ਏਪੀਐਸ ਦਿਓਲ ਦੀ ਥਾਂ ਡੀਐੱਸ ਪਟਵਾਲੀਆ ਤੇ ਫਿਰ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਥਾਂ ਸਿਧਾਰਥ ਚਟੋਪਾਧਿਆਏ ਨੂੰ ਆਪਣੀ ਪਸੰਦ ਦਾ ਡੀਜੀਪੀ ਬਣਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਖੁਸ਼ ਹਨ। ਹੁਣ ਉਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਖ਼ੁਦ ਨੂੰ ਮੁੱਖ ਮੰਤਰੀ ਵਜੋਂ ਉਭਾਰ ਕੇ ਚੋਣ ਆਪਣੇ ਨਾਂ ‘ਤੇ ਲੜਵਾਉਣ ਲਈ ਕਾਂਗਰਸ ਨੂੰ ਮਜਬੂਰ ਕਰਨ। ਇਸੇ ਲਈ ਉਹ ਅਕਸਰ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਕੰਮ ਦੀ ਆਲੋਚਨਾ ਕਰਦੇ ਰਹਿੰਦੇ ਹਨ।

ਜਦੋਂ ਵੀ ਨਵਜੋਤ ਸਿੰਘ ਸਿੱਧੂ ਕਿਸੇ ਨਵੀਂ ਸਕੀਮ ਦਾ ਐਲਾਨ ਕਰਦੇ ਹਨ ਅਤੇ ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਹੁਣੇ ਲਾਗੂ ਕਿਉਂ ਨਹੀਂ ਕਰਦੇ, ਸਰਕਾਰ ਤਾਂ ਉਨ੍ਹਾਂ ਦੀ ਹੀ ਹੈ। ਇਸ ‘ਤੇ ਉਹ ਇਹ ਕਹਿ ਕੇ ਟਾਲ-ਮਟੋਲ ਕਰਦੇ ਹਨ ਕਿ ਉਨ੍ਹਾਂ ਨੂੰ ਸੱਤਾ ‘ਚ ਆਉਣ ਦਿਓ, ਉਦੋਂ ਇਸ ਨੂੰ ਲਾਗੂ ਕਰਵਾ ਦੇਣਗੇ। ਨਵਜੋਤ ਸਿੱਧੂ ਦੀ ਪੂਰੀ ਮੁਹਿੰਮ ਆਪਣਾ ‘ਪੰਜਾਬ ਮਾਡਲ’ ਲਾਗੂ ਕਰਵਾਉਣ ਬਾਰੇ ਹੈ। ਹਾਲਾਂਕਿ ਉਹ ਇਹ ਨਹੀਂ ਦੱਸ ਰਹੇ ਹਨ ਕਿ ਇਹ ਪੰਜਾਬ ਮਾਡਲ ਹੈ ਕੀ ਤੇ ਇਸ ਨੂੰ ਪੂਰਾ ਕਰਨ ਦਾ ਰੋਡਮੈਪ ਕੀ ਹੋਵੇਗਾ।