India

ਜੈਵਿਕ ਜੰਗ ਦਾ ਸਾਹਮਣਾ ਕਰਨ ਲਈ ਤਿਆਰ ਰਹੋ : ਰਾਵਤ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੋਰੋਨਾ ਦੇ ਕਹਿਰ ਵਿਚਾਲੇ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਇਹ ਮਹਾਮਾਰੀ ਜੈਵਿਕ ਜੰਗ ’ਚ ਬਦਲ ਸਕਦੀ ਹੈ। ਅਜਿਹੀ ਸਥਿਤੀ ’ਚ ਸਾਰੇ ਦੇਸ਼ਾਂ ਨੂੰ ਇਸ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਬਿਮਸਟੇਕ ਮੈਂਬਰ ਦੇਸ਼ਾਂ ਨਾਲ ਜੁਡ਼ੇ ਆਫਤ ਪ੍ਰਬੰਧਨ ਅਭਿਆਸ ਦੇ ਕਰਟੇਨ ਰੇਜਰ ਪ੍ਰੋਗਰਾਮ ’ਚ, ਭਾਰਤੀ ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਵੀ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਉਭਰਨ ਤੇ ਇਨਫੈਕਸ਼ਨ ਦੇ ਮਾਮਲਿਆਂ ’ਚ ਉਛਾਲ ਆਉਣ ਬਾਰੇ ਚਿਤਾਵਨੀ ਦਿੱਤੀ। ਇਸ ਤੋਂ ਪਤਾ ਲੱਗਦਾ ਹੈ ਕਿ ਕੋਰੋਨਾ ਦਾ ਸੰਕਟ ਫ਼ਿਲਹਾਲ ਟਲਿ਼ਆ ਨਹੀਂ ਹੈ। ਇਸ ਪ੍ਰੋਗਰਾਮ ’ਚ ਭਾਰਤ ਸਮੇਤ ਬੰਗਲਾਦੇਸ਼, ਨੇਪਾਲ, ਮਿਆਂਮਾਰ, ਭੂਟਾਨ, ਥਾਈਲੈਂਡ, ਸ੍ਰੀਲੰਕਾ ਆਦਿ ਦੇਸ਼ ਹਿੱਸਾ ਲੈ ਰਹੇ ਹਨ।

ਸੀਡੀਐੱਸ ਰਾਵਤ ਨੇ ਕਰਟੇਨ ਰੇਜਰ ਪ੍ਰੋਗਰਾਮ ਪੈਨੇਕਸ-21 ’ਚ ਕਿਹਾ ਕਿ ਮੈਂ ਇਕ ਹੋਰ ਮੁੱਦਾ ਉਠਾਉਣਾ ਚਾਹਾਂਗਾ। ਉਹ ਇਹ ਹੈ ਕਿ ਕੀ ਇਹ ਇਕ ਨਵੇਂ ਤਰ੍ਹਾਂ ਦੀ ਜੰਗ ਦਾ ਰੂਪ ਲੈ ਰਿਹਾ ਹੈ। ਅਸੀਂ ਲੋਕਾਂ ਨੂੰ ਖ਼ੁਦ ਨੂੰ ਮਜ਼ਬੂਤ ਕਰ ਕੇ ਇਸ ਨਾਲ ਨਜਿੱਠਣਾ ਹੋਵੇਗਾ ਤਾਂਕਿ ਇਹ ਵਾਇਰਸ ਤੇ ਬਿਮਾਰੀਆਂ ਸਾਡੇ ਦੇਸ਼ ਨੂੰ ਪ੍ਰਭਾਵਿਤ ਨਾ ਕਰ ਸਕਣ।

ਉਨ੍ਹਾਂ ਕਿਹਾ ਕਿ ਹੁਣ ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਸਾਹਮਣੇ ਆਇਆ ਹੈ। ਜੇ ਇਹ ਹੋਰ ਰੂਪਾਂ ’ਚ ਬਦਲਦਾ ਹੈ ਤਾਂ ਸਾਨੂੰ ਇਸ ਲਈ ਤਿਆਰ ਰਹਿਣਾ ਹੋਵੇਗਾ। ਜਨਰਲ ਰਾਵਤ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਬਹੁਤ ਅਹਿਮ ਹੈ ਕਿ ਅਸੀਂ ਆਪਣੀ ਬੁੱਧੀ ਤੇ ਹੁਨਰ ਨਾਲ ਇਕ-ਦੂਜੇ ਦਾ ਸਾਥ ਦਈਏ।