‘ਦ ਖ਼ਾਲਸ ਬਿਊਰੋ :- ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਵਧੇਰੇ ਝਾੜ ਦੇਣ ਵਾਲੀਆਂ ਵਧੀਆ ਕਿਸਮ ਦੀਆਂ ਕਿਸਮਾਂ ਦਾ ਸ਼ੁੱਧ ਬੀਜ ਮੁਫ਼ਤ ਦਿੱਤਾ ਜਾਵੇਗਾ। ਇਹ ਗੱਲ ਉਨ੍ਹਾਂ ਅੱਜ ਬਟਾਲਾ ਸਹਿਕਾਰੀ ਖੰਡ ਮਿੱਲ ਵਿਖੇ ਗੰਨੇ ਦੇ ਵਧੇਰੇ ਪੈਦਾਵਾਰ ਵਾਲੀਆਂ ਕਿਸਮਾਂ ਦੇ ਸ਼ੁੱਧ ਬੀਜ ਦੇ ਪੌਦੇ ਗੰਨਾ ਕਾਸ਼ਤਕਾਰਾਂ ਨੂੰ ਵੰਡਣ ਦੀ ਸ਼ੁਰੂਆਤ ਵੀਡੀਓ ਕਾਨਫਰੰਸ ਰਾਹੀਂ ਕਰਦੇ ਹੋਏ ਕਹੀ।
ਸ. ਰੰਧਾਵਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਖੇਤੀਬਾੜੀ ਅਤੇ ਕਿਸਾਨਾਂ ‘ਤੇ ਪੈ ਰਹੇ ਆਰਥਿਕ ਪ੍ਰਭਾਵ ਨੂੰ ਘੱਟ ਕਰਨ ਅਤੇ ਗੰਨਾ ਕਾਸ਼ਤਕਾਰਾਂ ਦੀ ਸਹੂਲਤ ਲਈ ਪੰਜਾਬ ਸਹਿਕਾਰੀ ਖੰਡ ਮਿੱਲਾਂ ਵੱਲੋਂ ਚੰਗੀਆਂ ਕਿਸਮਾਂ ਦੇ ਗੰਨੇ ਦੀ ਬੀਜ ਦੀ ਪਨੀਰੀ ਤਿਆਰ ਕਰਕੇ ਗੰਨਾ ਕਾਸ਼ਤਕਾਰਾਂ ਨੂੰ ਬਿਨਾਂ ਕਿਸੇ ਕੀਮਤ ਦੇ ਦਿੱਤੀ ਜਾਣੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਗੁਰਦਾਸਪੁਰ, ਅਜਨਾਲਾ ਅਤੇ ਬਟਾਲਾ ਖੇਤਰ ਵਿੱਚ ਗੰਨਾ ਕਾਸ਼ਤਕਾਰਾਂ ਵੱਲੋਂ ਬੀਜੀ ਜਾ ਰਹੀ ਕਿਸਮ ਸੀ.ਓ.-0238 ਦਾ ਡੀ.ਐਨ.ਏ. ਟੈਸਟ ਆਈ.ਸੀ.ਏ.ਆਰ ਕੋਇੰਬਟੂਰ ਤੋਂ ਕਰਵਾਇਆ ਗਿਆ ਸੀ ਜਿਸ ਵਿੱਚ ਗੰਨਾ ਕਾਸ਼ਤਕਾਰਾਂ ਵੱਲੋਂ ਬੀਜੀ ਗਈ ਫ਼ਸਲ ਦਾ ਬੀਜ ਮਿਕਸ ਪਾਇਆ ਗਿਆ ਅਤੇ ਇਹ ਸੀਓ-0238 ਦਾ ਸ਼ੁੱਧ ਬੀਜ ਨਹੀਂ ਸੀ। ਇਸ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਸ਼ੂਗਰਫੈਡ ਨੂੰ ਸਹਿਕਾਰੀ ਖੰਡ ਮਿੱਲਾਂ ਦੇ ਖੇਤਰ ਵਿੱਚ ਪੈਂਦੇ ਗੰਨਾ ਕਾਸ਼ਤਕਾਰਾਂ ਨੂੰ ਸ਼ੁੱਧ ਬੀਜ ਮੁਹੱਈਆ ਕਰਵਾਉਣ ਲਈ ਸੂਬੇ ਦੀਆਂ 9 ਸਹਿਕਾਰੀ ਖੰਡ ਮਿੱਲਾਂ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਇਲਾਕੇ ਲਈ ਤਿੰਨ ਸਾਲ ਦਾ ਬੀਜ ਵਿਕਾਸ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਵੱਧ ਪੈਦਾਵਾਰ ਅਤੇ ਖੰਡ ਦੀ ਮਾਤਰਾ ਵਾਲੀਆਂ ਕਿਸਮਾਂ ਦੇ ਬੀਜ ਆਈ.ਸੀ.ਏ.ਆਰ. ਕੋਇੰਬਟੂਰ ਦੇ ਖੇਤਰੀ ਕੇਂਦਰ ਕਰਨਾਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਪੂਰਥਲਾ ਕੇਂਦਰ ਦਾ ਸਹਿਯੋਗ ਲੈ ਕੇ ਤਿਆਰ ਕੀਤੇ ਜਾ ਰਹੇ ਹਨ।
ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਬੀਜ ਵਿਕਾਸ ਪ੍ਰੋਗਰਾਮ ਤਹਿਤ ਵਧੀਆ ਕਿਸਮਾਂ ਦੇ ਬੀਜ ਮੁਹੱਈਆ ਕਰਵਾ ਕੇ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਿੱਚ ਆਉਂਦੇ 2-3 ਸਾਲਾਂ ਦੌਰਾਨ ਡੇਢ ਗੁਣਾ ਤੱਕ ਵਾਧਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸੇ ਪ੍ਰੋਗਰਾਮ ਤਹਿਤ ਕਲਾਨੌਰ ਵਿਖੇ ਗੰਨਾ ਵਿਕਾਸ ਅਤੇ ਖੋਜ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਵਿੱਚ ਗੰਨੇ ਦੀਆਂ ਉੱਚ ਕੁਆਲਿਟੀ ਦੀਆਂ ਕਿਸਮਾਂ ਦੇ ਬੀਜ ਤਿਆਰ ਕਰਨ ਤੋਂ ਇਲਾਵਾ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਖੇਤੀ ਸਬੰਧੀ ਵਧੇਰੇ ਝਾੜ ਲੈਣ ਲਈ ਆਧੁਨਿਕ ਤਕਨੀਕਾਂ ਬਾਰੇ ਵੀ ਸਿਖਲਾਈ ਦਿੱਤੀ ਜਾਵੇਗੀ।