ਬਿਉਰੋ ਰਿਪੋਰਟ : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਕੈਨੇਡਾ ਵਿੱਚ ਰਹਿੰਦੇ ਭਾਰਤੀ ਵਿਦਿਆਰਥੀਆਂ ਅਤੇ ਪ੍ਰਵਾਸੀ ਭਾਰਤੀਆਂ ਲਈ ਇੱਕ ਹੈਲਪਲਾਈਨ ਸਥਾਪਤ ਕਰਨ ਦੀ ਅਪੀਲ ਕੀਤੀ ਗਈ ਹੈ, ਜਾਖੜ ਮੁਤਾਬਿਕ ਮਾਪੇ ਭਾਰਤ ਅਤੇ ਕੈਨੇਡਾ ਦਰਮਿਆਨ ਵਧਦੇ ਤਣਾਅ ਕਾਰਨ ਚਿੰਤਤ ਹਨ।
ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਵਿੱਚ ਜਾਖੜ ਨੇ ਉਨ੍ਹਾਂ ਨੂੰ ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਦੀਆਂ ਚਿੰਤਾਵਾਂ ਨੂੰ ਉਜਾਗਰ ਕਰਨ ਲਈ ਇੱਕ ਬਿਆਨ ਜਾਰੀ ਕਰਨ ਅਤੇ ਪ੍ਰਭਾਵਿਤ ਭਾਰਤੀਆਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਵੱਲੋਂ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂ ਅਤੇ ਉਪਾਵਾਂ ਦੀ ਜਾਣਕਾਰੀ ਦੇਣ ਦੀ ਵੀ ਅਪੀਲ ਕੀਤੀ ਹੈ ।
ਜਾਖੜ ਨੇ ਲਿਖਿਆ ਕਿ ਕੈਨੇਡਾ ਵਿੱਚ ਵਸਦੇ ਭਾਰਤੀਆਂ ਅਤੇ ਖਾਸ ਕਰਕੇ ਪੜ੍ਹਾਈ ਲਈ ਵਿਦੇਸ਼ ਜਾਣ ਦੀ ਉਡੀਕ ਕਰ ਰਹੇ ਨੌਜਵਾਨਾਂ ਵਿੱਚ ਮੌਜੂਦ ਚਿੰਤਾ,ਘਬਰਾਹਟ ਅਤੇ ਦੁਬਿਧਾ ਦੀ ਡੂੰਘੀ ਭਾਵਨਾ ਨੂੰ ਸ਼ਾਂਤ ਕਰਨਾ ਜ਼ਰੂਰੀ ਹੈ । ਵਿਦੇਸ਼ ਮੰਤਰਾਲੇ ਵੱਲੋਂ ਖੋਲੀ ਜਾਣ ਵਾਲੀ ਹੈਲਪਲਾਈਨ ਨਾਲ ਯਕੀਨੀ ਤੌਰ ‘ਤੇ ਕੋਈ ਭਰੋਸਾ ਮਿਲੇਗਾ ਜਿਸ ਨਾਲ ਵਿਦਿਆਰਥੀਆਂ ਦੀ ਸ਼ੱਕ ਅਤੇ ਅਸੁਰੱਖਿਆ ਦੀ ਭਾਵਨਾ ਨੂੰ ਦੂਰ ਕਰਨਾ ਸੰਭਵ ਹੋਵੇਗਾ |
ਭਾਜਪਾ ਦੇ ਸੂਬਾ ਪ੍ਰਧਾਨ ਜਾਖੜ ਨੇ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ ਲਈ ਮਾਰਗਦਰਸ਼ਨ ਦੀ ਸਥਿਤੀ ਵਿੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਇੱਕ ਵਟਸਐਪ ਨੰਬਰ ਜਾਰੀ ਕਰਨ ਦਾ ਵੀ ਸੁਝਾਅ ਦਿੱਤਾ ਹੈ ।ਉਨ੍ਹਾਂ ਕਿਹਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਆਪਣੀਆਂ ਘਰੇਲੂ ਸਿਆਸੀ ਮਜਬੂਰੀਆਂ ਦੇ ਦਬਾਅ ਹੇਠ ਭਾਰਤ ਵਿਰੁੱਧ ਬੇਤੁਕੇ ਦੋਸ਼ ਲਗਾਏ ਹਨ । ਉਨ੍ਹਾਂ ਨੇ ਆਸ ਪ੍ਰਗਟਾਈ ਕਿ ਟਰੂਡੋ ਨੂੰ ਜਲਦੀ ਹੀ ਆਪਣੀ ਗਲਤੀ ਦਾ ਅਹਿਸਾਸ ਹੋਵੇਗਾ ਅਤੇ ਇਸ ਮਾਮਲੇ ਨੂੰ ਆਪਸੀ ਵਿਚਾਰ-ਵਟਾਂਦਰੇ ਨਾਲ ਹੱਲ ਕਰ ਲਿਆ ਜਾਵੇਗਾ । ਜਾਖੜ ਨੇ ਕਿਹਾ ਕਿ ਕੋਈ ਵੀ ਬਾਹਰੀ ਵਿਅਕਤੀ ਭਾਰਤ ਨੂੰ ਇਹ ਹਦਾਇਤ ਨਹੀਂ ਦੇ ਸਕਦਾ ਕਿ ਸਾਡੀ ਪ੍ਰਭੂਸੱਤਾ ਦੀ ਰੱਖਿਆ ਕਿਵੇਂ ਕਰਨੀ ਹੈ। ਭਾਰਤ ਸਰਕਾਰ ਨੇ ਟਰੂਡੋ ਦੇ ਗੁੱਸੇ ਦਾ ਸਖ਼ਤ ਵਿਰੋਧ ਕਰਦਿਆਂ ਸਬੂਤਾਂ ਦੀ ਮੰਗ ਕਰਕੇ ਸਹੀ ਸਟੈਂਡ ਲਿਆ ਹੈ |