‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਪੂਰੇ ਕੈਨੇਡਾ ਵਿੱਚ ‘10 ਡਲਰ ਪ੍ਰਤੀ ਦਿਨ ਚਾਈਲਡ ਕੇਅਰ ਪ੍ਰੋਗਰਾਮ’ ਦੇ ਆਪਣੇ ਚੋਣ ਵਾਅਦੇ ਨੂੰ ਜਲਦ ਪੂਰਾ ਕਰਨ ਜਾ ਰਹੀ ਹੈ।
ਫ਼ੈਡਰਲ ਸਰਕਾਰ ਨਾਲ ਹੁਣ ਤੱਕ ਦੇਸ਼ ਦੇ 10 ਵਿੱਚੋਂ 9 ਸੂਬਿਆਂ ਅਤੇ ਤਿੰਨ ਵਿੱਚੋਂ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਇਸ ਪ੍ਰੋਗਰਾਮ ਲਈ ਸੰਧੀ ਕਰ ਲਈ ਹੈ। ਹੁਣ ਸਿਰਫ਼ ਉਨਟਾਰੀਓ ਤੇ ਨੁਨਵਾਤ ਹੀ ਇਸ ਪ੍ਰੋਗਰਾਮ ਤੋਂ ਦੂਰ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਦੋਵਾਂ ਨਾਲ ਵੀ ਜਲਦ ਹੀ ਸਹਿਮਤੀ ਬਣ ਜਾਵੇਗੀ।
ਚਾਈਲਡ ਕੇਅਰ ਲਈ ਫ਼ੈਡਰਲ ਸਰਕਾਰ ਦੀ ਤਾਜ਼ਾ ਸੰਧੀ ਨੌਰਥਵੈਸਟ ਟੈਰੀਟਰੀਜ਼ ਨਾਲ ਹੋਈ ਐ। ਇਸ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ 51 ਮਿਲੀਅਨ ਡਾਲਰ ਦੇ ਇਸ ਸਮਝੌਤੇ ਤਹਿਤ ਮਾਰਚ 2022 ਦੀ ਸ਼ੁਰੂਆਤ ਤੱਕ ਚਾਈਲਡ ਕੇਅਰ ਫੀਸਾਂ ਵਿੱਚ ਅੱਧੀ ਕਟੌਤੀ ਹੋ ਜਾਵੇਗੀ ਅਤੇ ਅੰਤ ਵਿੱਚ ਪੰਜ ਸਾਲਾਂ ਦੌਰਾਨ ਇਹ ਫ਼ੀਸਾਂ ਖੇਤਰ ’ਚ 10 ਡਾਲਰ ਪ੍ਰਤੀ ਦਿਨ ਤੱਕ ਘਟ ਜਾਣਗੀਆਂ।ਨੌਰਥਵੈਸਟ ਟੈਰੀਟਰੀਜ਼ ਨੂੰ ਇਸ ਸੰਧੀ ਰਾਹੀਂ ਪ੍ਰਤੀ ਸਾਲ 9500 ਡਾਲਰ ਦੀ ਬਚਤ ਹੋਵੇਗੀ।