International

ਕੈਨੇਡਾ-ਅਮਰੀਕਾ ਵਰਕ ਪਰਮਿਟ ਮਿਲਣਾ ਹੋਇਆ ਬੰਦ! ਲੱਖਾਂ ਪੰਜਾਬੀਆਂ ਦੇ ਸੁਪਨੇ ਟੁੱਟੇ

‘ਦ ਖ਼ਾਲਸ ਬਿਊਰੋ:- ਕੋਵਿਡ-19 ਕਾਰਨ ਅਮਰੀਕਾ-ਕੈਨੇਡਾ ‘ਚ ਵੀ ਰੁਜ਼ਗਾਰ ਪ੍ਰਣਾਲੀ ‘ਤੇ ਕਾਫੀ ਅਸਰ ਪਿਆ ਹੈ।

ਅਮਰੀਕਾ ‘ਚ ਵਾਈਟ ਹਾਊਸ ਦੇ ਅਧਿਕਾਰੀਆਂ ਮੁਤਾਬਿਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਸਰਕਾਰ ਨੂੰ ਐਚ-1ਬੀ ਵੀਜ਼ਾ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਤੇ ਮੈਰਿਟ ਅਧਾਰਤ ਇਮੀਗ੍ਰੇਸ਼ਨ ਵੱਲ ਵਧਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਾਲ ਦੇ ਅੰਤ ਤੱਕ ਟਰੰਪ ਨੇ ਐਚ-1ਬੀ ਵੀਜ਼ਾ ਅਤੇ ਵਰਕ ਵੀਜ਼ਿਆਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਹੈ।

ਅਮਰੀਕਾ ਵੱਲੋਂ ਕੀਤੇ ਗਏ ਵੀਜਾ ਸੁਧਾਰਾਂ ਦਾ ਸਭ ਤੋਂ ਵੱਡਾ ਅਸਰ ਭਾਰਤੀਆਂ ‘ਤੇ ਪਏਗਾ। ਐਚ-1ਬੀ ਵੀਜ਼ਾ ਰਾਹੀਂ ਭਾਰਤੀ ਹੀ ਸਭ ਤੋਂ ਵੱਧ ਅਮਰੀਕਾ ਜਾਂਦੇ ਹਨ। ਟਰੰਪ ਪਹਿਲਾਂ ਵੀ ਅਜਿਹੇ ਸੰਕੇਤ ਦੇ ਰਹੇ ਸੀ ਪਰ ਭਾਰਤ ਸਰਕਾਰ ਦੇ ਰੋਸ ਕਰਕੇ ਉਹ ਇਸ ਨੂੰ ਟਾਲ ਰਹੇ ਸੀ। ਹੁਣ ਕੋਰੋਨਾ ਸੰਕਟ ਤੇ ਚੋਣਾਂ ਨੇੜੇ ਹੋਣ ਕਰਕੇ ਟਰੰਪ ਨੇ ਵੱਡਾ ਫੈਸਲਾ ਲਿਆ ਹੈ।

ਇਮੀਗ੍ਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਸਰਕਾਰ ਵੱਲੋਂ ਐਚ-1 ਬੀ ਵੀਜ਼ਾ ਜਾਰੀ ਕਰਨ ‘ਤੇ ਆਰਜ਼ੀ ਪਾਬੰਦੀ ਭਾਰਤੀ ਪੇਸ਼ੇਵਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਐਚ-1 ਬੀ ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ, ਜੋ US ਕੰਪਨੀਆਂ ਨੂੰ ਕੁਝ ਕਿੱਤਿਆਂ ਵਿੱਚ ਵਿਦੇਸ਼ੀ ਪੇਸ਼ੇਵਰਾਂ ਨੂੰ ਲਗਾਉਣ ਦੀ ਇਜਾਜ਼ਤ ਦਿੰਦਾ ਹੈ। ਇਸ ਦੀ ਵੱਡੀ ਮੰਗ ਭਾਰਤੀ ਆਈਟੀ ਪੇਸ਼ੇਵਰਾਂ ‘ਚ ਹੈ। ਅਮਰੀਕਾ ਵਿਚ ਹਰ ਸਾਲ 85,000 ਐਚ-1ਬੀ ਜਾਰੀ ਕਰਨ ਦੀ ਸੀਮਾ ਹੁੰਦੀ ਹੈ। ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਇਸ ਵੀਜ਼ਾ ਲਈ 2,25,000 ਅਰਜ਼ੀਆਂ ਪ੍ਰਾਪਤ ਹੋਈਆਂ ਸੀ।

ਵਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ, “ਅਮਰੀਕਾ ਮੈਰਿਟ ਅਧਾਰਤ ਇਮੀਗ੍ਰੇਸ਼ਨ ਪ੍ਰਣਾਲੀ ਵੱਲ ਵਧ ਰਿਹਾ ਹੈ।” ਟਰੰਪ ਸਰਕਾਰ ਵਧੇਰੇ ਹੁਨਰਮੰਦ ਕਾਮਿਆਂ ਨੂੰ ਪਹਿਲ ਦੇਣ ਤੇ ਅਮਰੀਕੀ ਨਾਗਰਿਕਾਂ ਦੀਆਂ ਨੌਕਰੀਆਂ ਦੀ ਰਾਖੀ ਲਈ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਸੁਧਾਰ ਕਰੇਗੀ। ਇਨ੍ਹਾਂ ਸੁਧਾਰਾਂ ਦੇ ਤਹਿਤ ਐਚ-1ਬੀ ਵੀਜ਼ਾ ਪ੍ਰੋਗਰਾਮ ‘ਚ ਉਨ੍ਹਾਂ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਕਾਫ਼ੀ ਜ਼ਿਆਦਾ ਤਨਖਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਟਰੰਪ ਸਰਕਾਰ ਸਾਰੀਆਂ ਖਾਮੀਆਂ ਨੂੰ ਵੀ ਦੂਰ ਕਰੇਗੀ। ਇਸ ਦਾ ਫਾਇਦਾ ਉਠਾਉਂਦਿਆਂ ਕੰਪਨੀਆਂ ਅਮਰੀਕੀ ਕਾਮਿਆਂ ਦੀ ਥਾਂ ਸਸਤੇ ਵਿਦੇਸ਼ੀ ਕਾਮਿਆਂ ਨੂੰ ਰੱਖਦੀਆਂ ਹਨ।

ਕੈਨੇਡਾ ‘ਚ LMIA ਹੋਣਗੀਆਂ ਬੰਦ

ਦੂਸਰੇ ਪਾਸੇ ਜਾਣਕਾਰੀ ਮੁਤਾਬਿਕ ਕੈਨੇਡਾ ਸਰਕਾਰ ਵੀ ਫਿਲਹਾਲ LMIA (Labour Market Impact Assessment) ਬੰਦ ਕਰਨ ਜਾ ਰਹੀ ਹੈ। ਇਸ LMIA ਦੁਆਰਾ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਵਿੱਚ ਕੰਮ ਕਰਨ ਲਈ ਵਰਕ ਵੀਜੇ ਮਿਲਦੇ ਹਨ। ਵੈਸੇ ਵੀ ਕਰੋਨਾ ਦੌਰਾਨ LMIA ਅਪਰੂਵਲ ਲਗਭਗ ਬੰਦ ਹੀ ਸੀ। ਅਜਿਹਾ ਕੈਨੇਡਾ ਵਿੱਚ ਬੇਰੋਜ਼ਗਾਰੀ ਦਰ ਵਧਣ ਕਾਰਨ ਕੀਤਾ ਜਾ ਰਿਹਾ ਹੈ।

ਸਰਕਾਰ ਦਾ ਮੰਨਣਾ ਹੈ ਕਿ ਜਦ ਕੈਨੇਡਾ ‘ਚ ਹੀ ਕਾਮੇ ਉਪਲਬਧ ਹਨ ਤਾਂ ਬਾਹਰੋਂ ਮੰਗਵਾਉਣ ਦੀ ਕੀ ਲੋੜ ਹੈ। ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਸਰਕਾਰ ਆਉਣ ਵਾਲੇ ਦਿਨਾਂ ‘ਚ ਕੰਮ ਮਾਲਕਾਂ ਨੂੰ ਆਪੋ-ਆਪਣੀ LMIA ਅਰਜ਼ੀ ਵਾਪਸ ਲੈਣ ਲਈ ਕਿਹਾ ਜਾਵੇਗਾ ਤਾਂ ਕਿ ਉਹ ਅਰਜ਼ੀਆਂ ਰੱਦ ਹੋਣੋਂ ਬਚ ਸਕਣ।

ਕੋਰੋਨਾਵਾਇਰਸ ਦੀ ਮਹਾਂਮਾਰੀ ਨੇ ਸਾਰੇ ਦੇਸ਼ਾਂ ਦੀ ਅਰਥਵਿਵਸਥਾ ਨੂੰ ਸੱਟ ਮਾਰੀ ਹੈ, ਜਿਸ ਕਰਕੇ ਬਹੁਤੇ ਲੋਕਾਂ ਦੇ ਰੁਜ਼ਗਾਰ ਵੀ ਚਲੇ ਗਏ ਹਨ। ਇਸੇ ਕਾਰਨ ਬਹੁਤੇ ਦੇਸ਼ਾਂ ਵੱਲੋਂ ਹੁਣ ਆਪਣੇ ਇਮੀਗਿਰੇਸ਼ਨ ਵਿਭਾਗਾਂ ਵਿੱਚ ਤਬਦੀਲੀਆਂ ਵੀ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਮਿਲਣ ਦੀ ਸੰਭਾਵਨਾ ਘਟਦੀ ਨਜ਼ਰ ਆ ਰਹੀ ਹੈ।