India Punjab

ਕੀ ਤੁਸੀਂ ਵੀ ਅੱਜ ਮੋਮਬੱਤੀਆਂ ਜਗਾਉਗੇ ? ਇਸਦੇ ਨਫੇ-ਨੁਕਸਾਨ ਜ਼ਰੂਰ ਪੜ੍ਹ ਲਉ

THE PRINT ਦੀ ਤਸਵੀਰ

‘ਦ ਖਾਲਸ ਬਿਊਰੋ:- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੂਰੇ ਮੁਲਕ ਨੂੰ ਅੱਜ ਸ਼ਾਮ (5 ਅਪ੍ਰੈਲ) ਰਾਤ 9 ਵਜੇ ਲਾਈਟਾਂ ਬੰਦ ਕਰਕੇ 9 ਮਿੰਟ ਲਈ ਮੋਮਬੱਤੀਆਂ ਜਾਂ ਦੀਵੇ ਜਗਾਉਣ ਦੀ ਅਪੀਲ ਕੀਤੀ ਹੈ। ਇਸ ਦਰਮਿਆਨ ਬਿਜਲੀ ਮਹਿਕਮੇ ਨੂੰ ਬਿਜਲੀ ਪ੍ਰਬੰਧਾਂ ਵਿੱਚ ਸਥਿਰਤਾ ਬਣਾਈ ਰੱਖਣ ਲਈ ਪੂਰੀ ਭਾਜੜ ਪਈ ਹੋਈ ਹੈ। ਤੱਥਾਂ ਮੁਤਾਬਕ ਜੇ ਪੂਰਾ ਮੁਲਕ ਇਕੋ ਵੇਲੇ ਲਾਈਟਾਂ ਬੰਦ ਕਰਕੇ ਤੇ ਫਿਰ 9 ਮਿੰਟ ਬਾਅਦ ਇਕੋ ਸਮੇਂ ਲਾਈਟਾਂ ਜਗਾਵੇਗਾ ਤਾਂ ਗਰਿੱਡ ਫੇਲ੍ਹ ਹੋਣ ਦੀ ਸੰਭਾਵਨਾ ਹੈ।

ਇਸੇ ਕਰਕੇ ਕੇਂਦਰੀ ਬਿਜਲੀ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੀ ਲਗਾਤਾਰਤਾ ਬਣਾਈ ਰੱਖਣ ਲਈ ਆਦੇਸ਼ ਦਿੱਤੇ ਹਨ। ਸ਼ਨੀਵਾਰ ਨੂੰ ਆਲ ਇੰਡੀਆ ਲੋਡ ਡਿਸਪੈਚ ਸੈਂਟਰ ਨੇ ਵੀ ਹੰਗਾਮੀ ਬੈਠਕ ਕਰਕੇ ਖੇਤਰੀ ਤੇ ਵੱਖ ਵੱਖ ਸੂਬਿਆਂ ਦੇ ਲੋਡ ਡਿਸਪੈਚ ਸੈਂਟਰਾਂ ਨੂੰ ਵਧੇਰੇ ਚੌਕਸੀ ਰੱਖਣ ਵਜੋਂ ਵਿਸ਼ੇਸ ਤੌਰ ’ਤੇ ਐਡਵਾਈਜ਼ਰੀ ਜਾਰੀ ਕੀਤੀ।

ਇਨ੍ਹਾਂ ਹੁਕਮਾਂ ਦੇ ਚਲਦਿਆਂ ਬਿਜਲੀ ਪ੍ਰਬੰਧਾਂ ਦੇ ਤਵਾਜ਼ਨ ’ਚ ਸਥਿਰਤਾ ਬਣਾਈ ਰੱਖਣ ਦੀਆਂ ਅਗਾਊਂ ਤਿਆਰੀਆਂ ਵਜੋਂ ਸ਼ਨੀਵਾਰ ਨੂੰ ਕੇਂਦਰੀ ਬਿਜਲੀ ਮੰਤਰਾਲਾ ਅਤੇ ਵੱਖ ਵੱਖ ਸੂਬਿਆਂ ਦੇ ਬਿਜਲੀ ਅਦਾਰੇ ਪੱਬਾਂ ਭਾਰ ਰਹੇ। ਪੰਜਾਬ ਵਿੱਚ ਪਾਵਰਕੌਮ ਅਤੇ ਟਰਾਂਸਕੋ ਨੇ ਭਲਕੇ ਰਾਤ ਦੇ ਹਾਲਾਤ ’ਤੇ ਕਾਬੂ ਬਣਾਈ ਰੱਖਣ ਲਈ ਪ੍ਰਬੰਧਾਂ ਨੂੰ ਵੀ ਅੰਜਾਮ ਦਿੱਤਾ।

ਜ਼ਰੂਰੀ ਹਦਾਇਤਾਂ ਜ਼ਰੂਰ ਪੜ੍ਹੋ

  1. ਪਾਵਰਕੌਮ ਵੱਲੋਂ ਅੱਜ ਰਾਤ 9 ਵਜੇ ਆਪਣੇ ਸਾਰੇ ਘਰੇਲੂ ਖਪਤਕਾਰਾਂ ਨੂੰ ਸਿਰਫ਼ ਰਿਹਾਇਸ਼ੀ ਲਾਈਟਾਂ ਬੰਦ ਕਰਨ ਅਤੇ ਹੋਰ ਘਰੇਲੂ ਉਪਕਰਨਾਂ ਨੂੰ ਚਾਲੂ ਰੱਖਣ ਦੀ ਗੁਜ਼ਾਰਿਸ਼।
  2. ਗਰਿੱਡਾਂ ’ਚ ਬਿਜਲੀ ਸਪਲਾਈ ਤੇ ਵੰਡ ਦਾ ਸੰਤੁਲਨ ਬਣਾਈ ਰੱਖਣ ਸਮੇਤ ਗਰਿੱਡ ਫ੍ਰੀਕੁਐਂਸੀ ਸਥਿਰ ਰੱਖਣ ’ਤੇ ਵੀ ਜ਼ੋਰ ਦਿੱਤਾ ਜਾਵੇ।
  3. ਲੋਕਲ ਬਾਡੀਜ਼ ਨੂੰ ਸਟਰੀਟ ਲਾਈਟਾਂ ਜਗਾਈ ਰੱਖਣ ਅਤੇ ਆਮ ਲੋਕਾਂ ਨੂੰ ਫਰਿੱਜ ਸਮੇਤ ਹੋਰ ਉਪਕਰਨ ਮਘਾਈ ਰੱਖਣ ਦੇ ਆਦੇਸ਼।
  4. ਆਲ ਇੰਡੀਆ ਲੋਡ ਡਿਸਪੈਚ ਸੈਂਟਰ ਵੱਲੋਂ ਐਡਵਾਈਜ਼ਰੀ ’ਚ ਹਾਈਡਰੋ, ਗੈਸ ਤੇ ਥਰਮਲ ਉਤਪਾਦਨ ’ਚ ਹਾਲਾਤ ਮੁਤਾਬਕ ਪ੍ਰਬੰਧ ਕਰਨ ਦੀਆਂ ਹਦਾਇਤਾਂ
  5. ਨੈਸ਼ਨਲ ਲੋਡ ਡਿਸਪੈਚ ਸੈਂਟਰ ਨੂੰ ਬਿਜਲੀ ਸਪਲਾਈ ਤੇ ਖਪਤ ਪ੍ਰਤੀ ਸਥਿਰਤਾ ਰੱਖਣ ਲਈ ਚੌਕਸ ਕੀਤਾ ਗਿਆ ਹੈ।
  6. ਗਰਿੱਡ ਪ੍ਰਣਾਲੀ ’ਚ ਅੱਠ ਵਜੇ ਤੋਂ 11 ਵਜੇ ਤੱਕ ਵਿਸ਼ੇਸ਼ ਤੌਰ ’ਤੇ ਦਰੁਸਤੀ ਬਣਾਈ ਰੱਖਣ, ਰੀਐਕਟਰ ਚਾਲੂ ਰੱਖਣ ਤੇ ਨੌਂ ਵਜੇ ਤੋਂ ਕਾਫ਼ੀ ਪਹਿਲਾਂ ਸ਼ਿਫ਼ਟਾਂ ’ਚ ਬਦਲਾਅ ਤੋਂ ਗੁਰੇਜ਼ ਕਰਨ ਦੀਆਂ ਹਦਾਇਤਾਂ ਵੀ ਜਾਰੀ।

ਮੋਮਬੱਤੀਆਂ ਜਗਾਉਣ ਦੇ ਸਮੇਂ ਖਦਸ਼ਾ ਹੈ ਕਿ ਜੇਕਰ ਕਿਸੇ ਇੱਕ ਸੂਬੇ ’ਚ ਵੀ ਗਰਿੱਡ ’ਤੇ ਲੋਡ ਤਵਾਜ਼ਨ ’ਚ ਉਕਾਈ ਸਾਹਮਣੇ ਆਈ ਤਾਂ ਆਲ ਇੰਡੀਆ ਗਰਿੱਡ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ। ਪਾਵਰਕੌਮ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਕਰਫਿਊ ਕਾਰਨ ਪੰਜਾਬ ਦਾ ਬਿਜਲੀ ਲੋਡ ਅੱਜ ਰਾਤ 9 ਵਜੇ ਸਿਰਫ 2800-2900 ਮੈਗਾਵਾਟ ਦਰਮਿਆਨ ਹੋਵੇਗਾ ਅਤੇ ਲਾਈਟ ਬੰਦ ਹੋਣ ਦੌਰਾਨ ਇਸ ’ਚ 400 ਮੈਗਾਵਾਟ ਦੇ ਕਰੀਬ ਹੀ ਲੋਡ ਮਨਫ਼ੀ ਹੋਣ ਦੀ ਉਮੀਦ ਹੈ।

ਲਿਹਾਜ਼ਾ ਬਿਜਲੀ ਪ੍ਰਣਾਲੀ ’ਚ ਅਸਫ਼ਲਤਾ ਦੀ ਪੰਜਾਬ ਅੰਦਰ ਕੋਈ ਗੁੰਜਾਇਸ਼ ਨਹੀਂ ਹੈ। ਪੰਜਾਬ ਵਿੱਚ ਸਿਰਫ ਹਾਈਡਲ ਪਲਾਂਟ ਚੱਲ ਰਹੇ ਹਨ ਅਤੇ ਇਨ੍ਹਾਂ ਦੀ ਪ੍ਰਤੀਕਿਰਿਆ ਥਰਮਲਾਂ ਆਦਿ ਨਾਲੋਂ ਕਿਤੇ ਤੇਜ਼ ਹੈ। ਜੇਕਰ ਲੋੜ ਪਈ ਤਾਂ ਰਣਜੀਤ ਸਾਗਰ ਡੈਮ ਅਤੇ ਹੋਰ ਪਣ ਬਿਜਲੀ ਪਲਾਂਟਾਂ ਨੂੰ ਵੀ ਚਲਾਇਆ ਜਾ ਸਕਦਾ ਹੈ।

ਜੋਤਿਸ਼ ‘ਤੇ ਆਧਾਰਿਤ ਹੈ ਮੋਦੀ ਦਾ ਸੱਦਾ-ਦਲ ਖਾਲਸਾ

ਦਲ ਖਾਲਸਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਇਸ ਸੱਦੇ ਨੂੰ ਖੋਖਲਾ ਪ੍ਰਤੀਕਵਾਦ ਦੱਸਦਿਆਂ ਕਿਹਾ ਕਿ ਇਹ ਸੌ ਫੀਸਦੀ ਅੰਕ ਵਿਗਿਆਨ ਜੋਤਿਸ਼ ‘ਤੇ ਆਧਾਰਿਤ ਸੱਦਾ ਹੈ ਤੇ ਪੰਜਾਬ ਦੀ ਜਨਤਾ ਇਸ ਮਾਨਸਿਕਤਾ ਨੂੰ ਸਮਝਦੇ ਹੋਏ ਮੋਦੀ ਦੀ ਇਸ ਕਾਲ ਨੂੰ ਅਣਗੌਲਿਆ ਕਰਨ ਜੋ ਮੂਰਖਤਾ ਅਤੇ ਗੈਰ-ਸੰਜੀਦਗੀ ਦੇ ਘੇਰੇ ਵਿੱਚ ਆਉਂਦੀ ਹੈ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਮੁਤਾਬਕ ਇਹ ਸਿਰਫ ਮੋਦੀ ਦਾ ਪਬਲੀਸਿਟੀ ਸਟੰਟ ਹੈ, ਇਸ ਵਕਤ ਲੋਕਾਂ ਨੂੰ ਕਿਸੇ ਸਰਗਰਮੀ ਜਾਂ ਮਨੋਰੰਜਨ ਦੀ ਲੋੜ ਨਹੀਂ, ਉਹਨਾਂ ਨੂੰ ਤਾਂ ਹਸਪਤਾਲ, ਵੈਨਟੀਲੇਟਰਜ਼, ਟੈਸਟਿੰਗ ਲੈਬਜ਼, ਦਿਹਾੜੀਦਾਰ ਅਤੇ ਪ੍ਰਵਾਸੀ ਮਜਦੂਰਾਂ ਲਈ ਰਾਸ਼ਨ ਦੀ ਅਤਿੰਅਤ ਲੋੜ ਹੈ।

ਉਹਨਾਂ ਕਿਹਾ ਕਿ ਕੋਵਿਡ-19 ਵਰਗੀ ਭਿੰਅਕਰ ਮਹਾਂਮਾਰੀ ਦੇ ਫੈਲਾ ਨੂੰ ਰੋਕਣ ਲਈ ਘਰਾਂ ਅੰਦਰ ਬੈਠਣਾ, ਦੂਸਰਿਆਂ ਤੋਂ ਦੂਰੀ ਬਨਾਉਣੀ ਅਤੇ ਪਰਹੇਜ਼ ਵਰਤਣ ਦੀ ਤਾਂ ਸਮਝ ਪੈਂਦੀ ਹੈ ਪਰ ਥਾਲੀਆਂ ਖੜਕਾਉਣੀਆਂ, ਤਾਲੀਆਂ ਮਾਰਨੀਆਂ ਅਤੇ ਹੁਣ ਬਿਜਲੀ ਘੁੰਮ ਕਰਕੇ ਮੋਮਬੱਤੀਆਂ ਜਾਂ ਲੈਂਪ ਜਗਾਉਣ ਦਾ ਮੋਦੀ ਦਾ ਤਰਕ ਸਮਝੋਂ ਬਾਹਰ ਹੈ।