India

ਕਿਉਂ ਮਾਰੀ ਨੌਜਵਾਨ ਨੂੰ ਕਲੈਕਟਰ ਨੇ ਚਪੇੜ, ਪੜ੍ਹੋ ਪੂਰੀ ਖਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਛੱਤੀਸਗੜ੍ਹ ਵਿੱਚ ਇੱਕ ਨੌਜਵਾਨ ਨੂੰ ਚਪੇੜ ਮਾਰਨੀ ਜਿਲ੍ਹਾ ਕਲੈਕਟਰ ਨੂੰ ਮਹਿੰਗੀ ਪੈ ਗਈ ਹੈ। ਇਸ ਮਾਮਲੇ ਵਿੱਚ ਕਲੈਕਟਰ ਰਣਬੀਰ ਸ਼ਰਮਾ ਦੀ ਬਦਲੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਇਹ ਨਿਰਦੇਸ਼ ਜਾਰੀ ਕਰਦਿਆਂ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਤੇ ਮੈਂ ਨੌਜਵਾਨ ਦੇ ਪਰਿਵਾਰ ਵਾਲਿਆਂ ਨੂੰ ਇਸ ਮਾਮਲੇ ਵਿਚ ਖੇਦ ਜਤਾਉਂਦਾ ਹਾਂ। ਉਨ੍ਹਾਂ ਇਸ ਬਾਰੇ ਇਕ ਟਵੀਟ ਵਿਚ ਕਿਹਾ ਕਿ ਇਸ ਤਰ੍ਹਾਂ ਦਾ ਧੱਕਾ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ। ਉਨ੍ਹਾਂ ਦੀ ਥਾਂ ‘ਤੇ ਗੌਰਵ ਕੁਮਾਰ ਸਿੰਘ ਨੂੰ ਸੂਰਜਪੁਰ ਦਾ ਨਵਾਂ ਜਿਲ੍ਹਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।

ਕੀਤੇ ‘ਤੇ ਪਛਤਾਵਾ ਮਹਿਸੂਸ ਕਰ ਚੁੱਕਾ ਹੈ ਅਧਿਕਾਰੀ
ਦੱਸ ਦਈਏ ਕਿ ਸੋਸ਼ਲ ਮੀਡੀਆ ਉੱਤੇ ਇਸ ਘਟਨਾ ਨਾਲ ਜੁੜੀ ਇਕ ਵੀਡੀਓ ਵੀ ਵਾਇਰਲ ਹੋਈ ਸੀ। ਇਸ ਵਿੱਚ ਨੌਜਵਾਨ ਨੂੰ ਤਾਲਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਅਧਿਕਾਰੀ ਥੱਪੜ ਮਾਰ ਰਿਹਾ ਹੈ ਤੇ ਉਸਦਾ ਫੋਨ ਖੋਹ ਕੇ ਸੁੱਟ ਰਿਹਾ ਦਿਖਾਈ ਦੇ ਰਿਹਾ ਹੈ। ਅਧਿਕਾਰੀ ਨੇ ਆਪ ਵੀ ਸੋਸ਼ਲ ਮੀਡੀਆ ਉਤੇ ਫਜੀਹਤ ਹੁੰਦੀ ਦੇਖ ਕੇ ਮਾਫੀ ਮੰਗੀ ਸੀ ਕੀ ਮੈਨੂੰ ਆਪਣੇ ਕੀਤੇ ‘ਤੇ ਪਛਤਾਵਾ ਹੈ। ਮੇਰਾ ਕੋਈ ਮਕਸਦ ਨਹੀਂ ਸੀ ਕਿ ਮੈਂ ਕਿਸੇ ਨੂੰ ਦੁੱਖ ਪਹੁੰਚਾਉਣਾ ਹੈ।

ਹਾਲਾਂਕਿ ਅਧਿਕਾਰੀ ਨੇ ਸਪਸ਼ਟੀਕਰਨ ਵੀ ਦਿੱਤਾ ਹੈ ਕਿ ਨੌਜਵਾਨ ਨੇ ਕਿਹਾ ਸੀ ਕਿ ਉਹ ਕੋਰੋਨਾ ਦਾ ਟੀਕਾ ਲਗਵਾਉਣ ਜਾ ਰਿਹਾ ਹੈ ਪਰ ਜਾਂਚ ਕਰਨ ਉੱਤੇ ਉਸ ਕੋਲੋ ਕੋਈ ਜਰੂਰੀ ਕਾਗਜ ਨਹੀਂ ਮਿਲਿਆ ਹੈ। ਉਹ ਨੌਜਵਾਨ ਬਹਿਸ ਕਰ ਰਿਹਾ ਸੀ ਤਾਂ ਮੈਨੂੰ ਗੁੱਸੇ ਵਿੱਚ ਆ ਕੇ ਥੱਪੜ ਜੜਨਾ ਪਿਆ। ਉਸਦੀ ਉਮਰ ਨਾਬਾਲਿਗ ਦੱਸੀ ਜਾ ਰਹੀ ਹੈ ਜਦੋਂ ਕਿ ਉਹ 13-14 ਸਾਲ ਦਾ ਨਹੀਂ ਸਗੋਂ ਨੌਜਵਾਨ ਸੀ।