Religion

ਇੱਕ ਹੰਝੂ ਦੀ ਦਾਸਤਾਨ-ਭਾਈ ਮਹਾਂ ਸਿੰਘ ਅਤੇ ਦਸਮੇਸ਼ ਪਿਤਾ ਦੀ ਪ੍ਰੇਮ ਭਰੀ ਵਾਰਤਾਲਾਪ

‘ਦ ਖ਼ਾਲਸ ਬਿਊਰੋ- ਚਮਕੌਰ ਦੀ ਗੜ੍ਹੀ ਵਿੱਚ 40 ਮੁਕਤਿਆਂ ਨੇ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦਿੱਤਾ ਸੀ ਤਾਂ ਗੁਰੂ ਸਾਹਿਬ ਜੀ ਨੇ ਉਨ੍ਹਾਂ ਤੋਂ ਮੁਖ ਮੋੜ ਲਿਆ ਸੀ। ਜਦੋਂ ਇਹ ਸਿੰਘ ਆਪਣੇ ਘਰ ਗਏ ਤਾਂ ਇਨ੍ਹਾਂ ਦੀਆਂ ਪਤਨੀਆਂ ਨੇ ਇਨ੍ਹਾਂ ਨੂੰ ਵੰਗਾਰ ਪਾਉਂਦਿਆਂ ਕਿਹਾ ਕਿ ਜੇ ਤੁਸੀਂ ਗੁਰੂ ਦੇ ਸੱਚੇ ਸਿੱਖ ਨਹੀਂ ਬਣ ਸਕਦੇ ਤਾਂ ਤੁਹਾਡੀ ਸਾਡੇ ਨਾਲ ਵੀ ਨਹੀਂ ਨਿਭ ਸਕਦੀ। ਬਾਅਦ ਵਿੱਚ ਬੇਦਾਵਾ ਲਿਖ ਕੇ ਗਏ ਇਨ੍ਹਾਂ ਸਿੰਘਾਂ ਨੇ ਮੁਕਤਸਰ ਦੀ ਜੰਗ ਵਿੱਚ ਅੱਗੇ ਹੋ ਕੇ ਸ਼ਹੀਦੀਆਂ ਦਿੱਤੀਆਂ। ਜਦੋਂ ਜੰਗ ਦੇ ਮੈਦਾਨ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੂਨ ਵਿੱਚ ਲੱਥਪੱਥ ਭਾਈ ਮਹਾਂ ਸਿੰਘ ਜੀ ਨੂੰ ਆਪਣੀ ਝੋਲੀ ਵਿੱਚ ਚੁੱਕਿਆ ਤਾਂ ਭਾਈ ਮਹਾਂ ਸਿੰਘ ਜੀ ਨੇ ਉਨ੍ਹਾਂ ਦੇ ਅੱਗੇ ਇੱਕ ਬੇਨਤੀ ਕੀਤੀ। ਇਸ ਬੇਨਤੀ ਨੂੰ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਕਵੀ ਜਗਮੋਹਨ ਸਿੰਘ ਆਪਣੀ ਕਵਿਤਾ ‘ਇਕ ਹੰਝੂ ਦੀ ਦਾਸਤਾਨ’ ਵਿੱਚ ਬਿਆਨ ਕਰਦੇ ਹਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਕਿਤਾਬ ‘ਤੇਰੇ ਦਰ ‘ਤੇ ਵਗਦੀ ਕਾਵਿ-ਨਦੀ’ ਵਿੱਚ ਦਰਜ ਹੈ। ਆਪਣੇ ਖਾਲਸੇ ਨਾਲ ਗੁਰੂ ਜੀ ਦੇ ਅਸੀਮ ਪਿਆਰ ਦੀ ਇੱਕ ਝਲਕ ਨੂੰ ਇਸ ਕਵਿਤਾਵਾ ਦੇ ਰਾਹੀਂ ਬਿਆਨ ਕੀਤਾ ਗਿਆ ਹੈ।

ਖੂਨ ਵਿੱਚ ਲਥਪਥ
ਭਾਈ ਮਹਾਂ ਸਿੰਘ
ਦੀਆਂ ਨਮ ਅੱਖਾਂ ਨੇ
ਅਰਜ਼ ਗੁਜਾਰੀ
ਸੱਚੇ ਪਾਤਸ਼ਾਹ !
ਟੁੱਟੀ ਗੰਢੋ !!
ਸਾਹਿਬਾਂ ਦੀਆਂ ਅੱਖਾਂ ਚੋਂ
ਇਕ ਹੰਝੂ ਡਲ੍ਹਕਿਆ
ਤੇ ਭਾਈ ਮਹਾਂ ਸਿੰਘ ਦੇ ਚਿਹਰੇ ‘ਤੇ
ਜਾ ਡਿੱਗਿਆ
ਬ੍ਰਹਿਮੰਡ ਦੇ ਸਮੂਹ ਜਲ ਸੋਮਿਆਂ ਤੋਂ ਡੂੰਘੇ
ਇਸ ਕੋਸੇ ਹੰਝੂ ਵਿੱਚ
ਬੇਸ਼ੁਮਾਰ ਨਿਘ ਸੀ,ਪਿਆਰ ਸੀ,ਧਰਵਾਸ ਸੀ…
ਇਸ ਹੰਝੂ ਰਾਹੀਂ
ਭਾਈ ਮਹਾਂ ਸਿੰਘ ਦੀ ਹਰ ਪੀੜ
ਸਾਹਿਬਾਂ ਨੇ ਜਰ ਲਈ ਸੀ।