‘ਦ ਖ਼ਾਲਸ ਬਿਊਰੋ:- ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਖਾਲਿਸਤਾਨ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਵਾਲੇ ਨੌਜਵਾਨ ਗੁਰਮੀਤ ਸਿੰਘ ਦੀ ਗ੍ਰਿਫ਼ਤਾਰੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ ਜਾਂਚ ਏਜੰਸੀਆਂ ਨੇ ਗ੍ਰਿਫ਼ਤਾਰੀ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਪਰ ਅਰਦਾਸ ਕਰਨ ਵਾਲੇ ਨੌਜਵਾਨ ਦੇ ਪਰਿਵਾਰ ਨੇ ਉਸ ਦੀ ਗ੍ਰਿਫ਼ਤਾਰੀ ਦੀ ਗੱਲ ਆਖੀ ਹੈ। ਪਰਿਵਾਰ ਨੇ ਰਾਇਸ਼ੁਮਾਰੀ-2020 ਦੇ ਮੁੱਦੇ ’ਤੇ ਅਗਿਆਨਤਾ ਪ੍ਰਗਟਾਈ ਹੈ।
ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਵਾਲੇ ਨੌਜਵਾਨ ਗੁਰਮੀਤ ਸਿੰਘ ਦਾ ਪਰਿਵਾਰ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਪੱਟੀ ਵਿੱਚ ਪਿਛਲੇ 20 ਸਾਲਾਂ ਤੋਂ ਗੁਰਦੁਆਰੇ ਦੀ ਸੇਵਾ ਸੰਭਾਲ ਕਰ ਰਿਹਾ ਹੈ। ਗੁਰਮੀਤ ਸਿੰਘ ਦੇ ਪਿਤਾ ਲਛਮਣ ਸਿੰਘ ਅਤੇ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਮੀਤ ਸਿੰਘ ਦਾ 22 ਅਗਸਤ ਦੀ ਸ਼ਾਮ ਪੰਜ ਵਜੇ ਦੇ ਕਰੀਬ ਫੋਨ ਆਇਆ ਸੀ ਪਰ ਉਸ ਤੋਂ ਬਾਅਦ ਉਸ ਦਾ ਫੋਨ ਬੰਦ ਆ ਰਿਹਾ ਹੈ, ਜਿਸ ਕਾਰਨ ਪੂਰਾ ਪਰਿਵਾਰ ਚਿੰਤਤ ਹੈ।
ਉਨ੍ਹਾਂ ਦੱਸਿਆ ਕਿ ਗੁਰਮੀਤ ਸਿੰਘ ਕਰੀਬ 8-9 ਮਹੀਨੇ ਤੋਂ ਕਰਤਾਰਪੁਰ ਨਜ਼ਦੀਕ ਕਿਸੇ ਪਿੰਡ ਵਿੱਚ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਹੈ। ਉਹ ਮਹੀਨਾ ਪਹਿਲਾਂ ਘਰ ਆਇਆ ਸੀ। ਉਸ ਦੇ ਮਾਤਾ-ਪਿਤਾ ਨੇ ਰਾਇਸ਼ੁਮਾਰੀ-2020 ਅਤੇ ਖਾਲਿਸਤਾਨੀ ਲਹਿਰਾਂ ਵਿੱਚ ਗੁਰਮੀਤ ਸਿੰਘ ਦੀ ਸ਼ਮੂਲੀਅਤ ਬਾਰੇ ਪੂਰੀ ਤਰ੍ਹਾਂ ਅਗਿਆਨਤਾ ਪ੍ਰਗਟਾਈ। ਇਸ ਦੌਰਾਨ ਗੁਰਮੀਤ ਸਿੰਘ ਦੇ ਪਰਿਵਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਗੁਰਮੀਤ ਸਿੰਘ ਦੀ ਸੂਚਨਾ ਦਿੱਤੀ ਜਾਵੇ ਤੇ ਉਸ ਨੂੰ ਘਰ ਭੇਜਿਆ ਜਾਵੇ।