ਚੰਡੀਗੜ੍ਹ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆ ਨਾਲ ਦੋ ਦਿਨਾਂ ਦੇ ਭਾਰਤ ਦੌਰੇ ’ਤੇ ਆਉਣ ਵਾਲੇ ਹਨ। ਟਰੰਪ 24 ਫ਼ਰਵਰੀ ਨੂੰ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ’ਚ ਆਉਣਗੇ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਅਹਿਮਦਾਬਾਦ ਨੂੰ ਹਰ ਪੱਖੋਂ ਸੋਹਣਾ ਬਣਾਉਣ ਦੇ ਜਤਨ ਕੀਤੇ ਜਾ ਰਹੇ ਹਨ।
ਪਹਿਲਾਂ ਅਹਿਮਦਾਬਾਦ ਵਿੱਚ ਕੁੱਝ ਝੁੱਗੀਆਂ ਲੁਕਾਉਣ ਲਈ ਕੰਧ ਬਣਾਉਣ ਦੀ ਖ਼ਬਰ ਸਾਹਮਣੇ ਆਈ ਸੀ ਪਰ ਹੁਣ ਜਿਹੜੇ ਰਸਤਿਆਂ ਉੱਤੋਂ ਦੀ ਟਰੰਪ ਨੇ ਲੰਘਣਾ ਹੈ, ਉੱਥੋਂ ਸਾਰੇ ਅਵਾਰਾ ਕੁੱਤਿਆਂ ਅਤੇ ਨੀਲ–ਗਊਆਂ ਨੂੰ ਹਟਾ ਦਿੱਤਾ ਗਿਆ ਹੈ। ਪਾਨ ਦੀਆਂ ਵੀ ਸਾਰੀਆਂ ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ ਹਨ ਕਿ ਕਿਤੇ ਲੋਕ ਕੰਧਾਂ ਉੱਤੇ ਥੁੱਕ–ਥੁੱਕ ਕੇ ਉਨ੍ਹਾਂ ਨੂੰ ਲਾਲ ਨਾ ਕਰ ਦੇਣ।
ਸਾਲ 2015 ’ਚ ਜਦੋਂ ਅਮਰੀਕੀ ਵਿਦੇਸ਼ ਮੰਤਰੀ ਜੌਨ ਕੈਰੀ ਗਾਂਧੀ ਨਗਰ ’ਚ ‘ਵਾਇਬ੍ਰੈਂਟ ਗੁਜਰਾਤ ਗਲੋਬਲ ਬਿਜ਼ਨੈੱਸ’ ਨਾਂਅ ਦੇ ਵਪਾਰਕ ਸਿਖ਼ਰ ਸੰਮੇਲਨ ’ਚ ਭਾਗ ਲੈਣ ਲਈ ਹਵਾਈ ਅੱਡੇ ਵੱਲ ਜਾ ਰਹੇ ਸਨ,ਤਦ ਉਨ੍ਹਾਂ ਦੇ ਕਾਫ਼ਲੇ ਦੀ ਇੱਕ ਗੱਡੀ ਹੇਠਾਂ ਅਵਾਰਾ ਕੁੱਤਾ ਆ ਗਿਆ ਸੀ।
ਅਜਿਹੀ ਘਟਨਾ ਮੁੜ ਤੋਂ ਨਾ ਦੁਹਰਾਉਣ ਲਈ ਨਗਰ ਨਿਗਮ ਕੁੱਤਿਆਂ ਨੂੰ ਫੜਨ ਲਈ ਅੱਜ ਸੋਮਵਾਰ ਨੂੰ ਵਿਸ਼ੇਸ਼ ਮੀਟਿੰਗ ਕਰੇਗਾ। ਹਵਾਈ ਅੱਡੇ ਤੇ ਮੋਟੇਰਾ ਸਟੇਡੀਅਮ ਦੇ ਇਲਾਕੇ ਵਿੱਚ ਨੀਲ–ਗਊਆਂ ਦੀ ਬਹੁਤਾਤ ਹੈ। ਉਨ੍ਹਾਂ ਨੂੰ ਵੀ ਹਟਾਉਣ ਲਈ ਖ਼ਾਸ ਟੀਮਾਂ ਬਣਾ ਦਿੱਤੀਆਂ ਗਈਆਂ ਹਨ।
ਹਵਾਈ ਅੱਡੇ ਤੋਂ ਸਟੇਡੀਅਮ ਤੱਕ ਦੀਆਂ ਸੜਕਾਂ ਤੇ ਕੰਧਾਂ ਸਾਫ਼ ਰੱਖਣ ਲਈ ਅਹਿਮਦਾਬਾਦ ਨਗਰ ਨਿਗਮ ਨੇ ਸ਼ੁੱਕਰਵਾਰ ਨੂੰ ਹਵਾਈ ਅੱਡਾ ਸਰਕਲ ’ਤੇ ਮੌਜੂਦ ਪਾਨ ਦੀਆਂ ਤਿੰਨ ਦੁਕਾਨਾਂ ਨੂੰ ਸੀਲ ਕਰ ਦਿੱਤਾ ਸੀ। ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਉਨ੍ਹਾਂ ਸੀਲ ਖੋਲ੍ਹੀ, ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।