International

ਅਮਰੀਕਾ ‘ਚ ਸਿੱਖਾਂ ਤੇ ਮੁਸਲਮਾਨਾਂ ਨਾਲ ਕੀਤਾ ਜਾਂਦਾ ਨਸਲੀ ਵਿਤਕਰਾ- ਬਰਾਕ ਓਬਾਮਾ

‘ਦ ਖ਼ਾਲਸ ਬਿਊਰੋੋ:- ਡੈਮੋਕਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ 2020 ਮੌਕੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਅਮਰੀਕਾ ਵਿੱਚ ਰਹਿੰਦੇ ਸਿੱਖਾਂ, ਮੁਸਲਮਾਨਾਂ ਤੇ ਹੋਰਨਾਂ ਭਾਈਚਾਰਿਆਂ ਨੂੰ ਕਈ ਪੀੜ੍ਹੀਆਂ ਤੋਂ ਉਨ੍ਹਾਂ ਦੇ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਢੰਗ-ਤਰੀਕਿਆਂ ਕਰਕੇ ਉਨ੍ਹਾਂ ਨੂੰ ‘ਸ਼ੱਕ ਦੀ ਨਿਗ੍ਹਾ’ ਨਾਲ ਵੇਖਿਆ ਜਾਂਦਾ ਹੈ। ਓਬਾਮਾ ਨੇ ਅਮਰੀਕੀਆਂ ਨੂੰ ਸੱਦਾ ਦਿੱਤਾ ਕਿ ਉਹ ‘ਅਜਿਹੇ ਰਾਸ਼ਟਰਪਤੀ ਤੇ ਸੱਤਾ ਵਿੱਚ ਬੈਠੇ ਹੋਰਨਾਂ’ ਨੂੰ ਵੋਟਾਂ ਰਾਹੀਂ ਲਾਂਭੇ ਕਰ ਦੇਣ, ਜੋ ਚੀਜ਼ਾਂ ਨੂੰ ਪੁਰਾਣੀਆਂ ਰਵਾਇਤਾਂ ਮੁਤਾਬਕ ਰੱਖ ਕੇ ਉਨ੍ਹਾਂ ਦਾ ਲਾਹਾ ਲੈਣਾ ਚਾਹੁੰਦੇ ਹਨ।

ਓਬਾਮਾ ਨੇ ਕਿਹਾ ਕਿ ਡੋਨਾਲਡ ਟਰੰਪ ਰਾਸ਼ਟਰਪਤੀ ਦੇ ਅਹੁਦੇ ਨਾਲ ‘ਰਿਐਲਿਟੀ ਸ਼ੋਅ’ ਵਾਂਗ ਵਰਤਾਅ ਕਰਦਾ ਹੈ। ਉਨ੍ਹਾਂ ਕਿਹਾ ਕਿ ਟਰੰਪ ਰਾਸ਼ਟਰਪਤੀ ਦੇ ਅਹੁਦੇ ਦੇ ਹਾਣ ਦਾ ਨਹੀਂ ਬਣ ਸਕਿਆ ਕਿਉਂਕਿ ਉਹ ਇਨ੍ਹਾਂ ਸਮਰੱਥ ਹੀ ਨਹੀਂ ਸੀ। ਉਨ੍ਹਾਂ ਨੇ ਅਮਰੀਕੀ ਸਦਰ ਡੋਨਾਲਡ ਟਰੰਪ ’ਤੇ ਹੱਲਾ ਬੋਲਦਿਆਂ ਕਿਹਾ ਕਿ ਦੇਸ਼ ਦੇ ਲੋਕ ਟਰੰਪ ਤੇ ਉਸ ਦੇ ਪ੍ਰਸ਼ਾਸਨ ਨੂੰ ‘ਆਪਣੀਆਂ ਤਾਕਤਾਂ ਖੋਹਣ’ ਦੀ ਇਜਾਜ਼ਤ ਨਾ ਦੇਣ।

ਉਨ੍ਹਾਂ ਕਿਹਾ ਕਿ, ‘ਧਿਆਨ ਰੱਖਿਓ ਕਿਤੇ ਇਹ ਤੁਹਾਡੀ ਜਮਹੂਰੀਅਤ ਨਾ ਖੋਹ ਲੈਣ। ਆਇਰਿਸ਼, ਇਤਾਲਵੀਆਂ, ਏਸ਼ੀਅਨਜ਼ ਤੇ ਲਾਤੀਨੀਆਂ ਨੂੰ ਉਨ੍ਹਾਂ ਦੇ ਜੱਦੀ ਮੁਲਕਾਂ ਵਿੱਚ ਵਾਪਸ ਜਾਣ ਲਈ ਆਖਿਆ ਗਿਆ। ਯਹੂਦੀਆਂ ਤੇ ਕੈਥੋਲਿਕਾਂ, ਸਿੱਖਾਂ ਤੇ ਮੁਸਲਿਮਾਂ ਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਉਨ੍ਹਾਂ ਦੇ ਰੱਬ ਦੀ ਅਕੀਦਤ ਕਰਨ ਦੇ ਢੰਗ ਤਰੀਕੇ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਂਦਾ ਹੈ। ਸਿਆਹਫਾਮ ਅਮਰੀਕੀਆਂ ਨੂੰ ਜ਼ੰਜੀਰਾਂ ’ਚ ਜਕੜਿਆ ਤੇ ਸੂਲੀ ’ਤੇ ਚਾੜ੍ਹਿਆ ਗਿਆ। ਲੰਗਰ ਦੀਆਂ ਕਤਾਰਾਂ ’ਚ ਬੈਠਣ ਲਈ ਉਨ੍ਹਾਂ ’ਤੇ ਥੁੱਕਿਆ ਗਿਆ। ਵੋਟ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਟ ਸੁੱਟਿਆ।’

ਅਮਰੀਕੀ ਚੋਣਾਂ ਤੋਂ ਪਹਿਲਾਂ ਦੇਸ਼ ਦਾ ਸਿਆਸੀ ਮਾਹੌਲ ਗਰਮਾ ਰਿਹਾ ਹੈ। ਅਜਿਹੇ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਆਪਣੇ ਵੱਲ ਖਿੱਚਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਲਈ ਅਮਰੀਕਾ ਵਿੱਚ ਨਸਲੀ ਨਫਰਤ ਵੀ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ।