‘ਦ ਖ਼ਾਲਸ ਬਿਊਰੋ:- ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੇ ਆਦੇਸ਼ਾਂ ਤੋਂ ਬਾਅਦ ਕੈਨੇਡਾ ਵਿੱਚ ਆਪਣੇ ਪੱਧਰ ’ਤੇ ਪਾਵਨ ਸਰੂਪ ਛਾਪ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਦੀ ਉਲੰਘਣਾ ਕਰਨ ਵਾਲਿਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਛਾਪਾਖਾਨਾ (ਪ੍ਰਿੰਟਿੰਗ ਪ੍ਰੈਸ) ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ।
ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਇਕੱਤਰਤਾ ਦੌਰਾਨ ਕੈਨੇਡਾ ਵਾਸੀ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਹੁਕਮਨਾਮੇ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਇਨ੍ਹਾਂ ਦੋਵਾਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਇੱਕ ਮਹੀਨੇ ਵਿੱਚ ਆਪਣਾ ਸਪੱਸ਼ਟੀਕਰਨ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ।
ਇਸ ਤੋਂ ਇਲਾਵਾ ਹੁਣ ਤੱਕ ਤਿਆਰ ਕੀਤੇ ਗਏ ਸਰੂਪ ਅਤੇ ਪ੍ਰੈਸ ਮਸ਼ੀਨਰੀ ਨੂੰ ਸਰੀ ਦੇ ਗੁਰਦੁਆਰੇ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਡੈਲਟਾ ਵਿਖੇ ਭੇਜੇ ਜਾਣ ਦਾ ਹੁਕਮ ਵੀ ਦਿੱਤਾ ਗਿਆ ਸੀ। ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਆਦੇਸ਼ ਕੀਤਾ ਗਿਆ ਹੈ ਕਿ ਉਹ ਛਾਪੇ ਗਏ ਸਰੂਪਾਂ ਵਿੱਚ ਅੱਖਰਾਂ, ਤਤਕਰੇ ਤੋਂ ਰਾਗ ਮਾਲਾ ਤੱਕ ਵਾਧ-ਘਾਟ ਦਾ ਮਿਲਾਨ ਕਰਨ ਅਤੇ ਇਸ ਸਬੰਧੀ ਰਿਪੋਰਟ ਛੇ ਮਹੀਨਿਆਂ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ।
ਇਨ੍ਹਾਂ ਆਦੇਸ਼ਾਂ ਤੋਂ ਬਾਅਦ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਵੱਲੋਂ ਚਲਾਈ ਜਾ ਰਹੀ ਨਿੱਜੀ ਸੰਸਥਾ ਸਤਨਾਮ ਰਿਲੀਜ਼ਸ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਕੀਤੇ ਸਰੂਪ ਅਤੇ ਪ੍ਰਿੰਟਿੰਗ ਮਸ਼ੀਨ ਨੂੰ ਸਰੀ ਦੇ ਗੁਰਦੁਆਰੇ ਵਿੱਚ ਪਹੁੰਚਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਕਰੇਨ ਦੀ ਮਦਦ ਨਾਲ ਪ੍ਰਿੰਟਿੰਗ ਮਸ਼ੀਨ ਵਾਹਨ ’ਤੇ ਲੱਦ ਕੇ ਗੁਰਦੁਆਰੇ ਪਹੁੰਚਾਈ ਗਈ ਹੈ ਅਤੇ ਪ੍ਰਕਾਸ਼ਿਤ ਸਰੂਪ ਵੀ ਸਤਿਕਾਰ ਸਹਿਤ ਗੁਰਦੁਆਰੇ ਭੇਜ ਦਿੱਤੇ ਹਨ। ਇਸ ਸਬੰਧ ਵਿੱਚ ਸ਼੍ਰੀ ਅਕਾਲ ਤਖ਼ਤ ਵਿਖੇ ਵੀ ਜਾਣਕਾਰੀ ਭੇਜੀ ਗਈ ਹੈ।
Comments are closed.