‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਤੋਂ ਕੋਵਿਡ-19 ਦੇ ਮਰੀਜ਼ਾਂ ‘ਤੇ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਟਰਾਇਲ ਕਰਨ ਵਾਸਤੇ ਮਨਜ਼ੂਰੀ ਮਿਲ ਗਈ ਹੈ।
ਜ਼ਿਕਰਯੋਗ ਹੈ ਕਿ ਜਦੋਂ ਏਸੀਪੀ ਕੋਹਲੀ ਕੋਰੋਨਾਵਾਇਰਸ ਤੋਂ ਪੀੜਤ ਹੋਏ ਸਨ ਅਤੇ ਉਨ੍ਹਾਂ ਨੂੰ ਐਸ.ਪੀ.ਐਸ. ਹਸਪਤਾਲ ਲੁਧਿਆਣਾ ਵਿਖੇ ਦਾਖ਼ਲ ਕੀਤਾ ਗਿਆ ਸੀ, ਉਸ ਸਮੇਂ ਕੈਪਟਨ ਅਮਰਿੰਦਰ ਨੇ ਇਸ ਥੈਰੇਪੀ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਸੀ। ਸੂਬਾ ਸਰਕਾਰ  ਵੱਲੋਂ ਸੰਪੂਰਨ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਪੀ.ਜੀ.ਆਈ , ਚੰਡੀਗੜ੍ਰ ਦੇ ਸਾਬਕਾ ਡਾਇਰੈਕਟਰ ਪ੍ਰੋਫੈਸਰ ਡਾ. ਕੇ.ਕੇ. ਤਲਵਾੜ ਵੱਲੋਂ ਲੋੜੀਂਦੀ ਪੇਸ਼ੇਵਰ ਸੇਧ ਦਾ ਪ੍ਰਬੰਧ ਕੀਤਾ ਗਿਆ ਪਰ ਏਸੀਪੀ ਕੋਹਲੀ ਦੀ ਹਾਲਤ ਥੈਰੇਪੀ ਤੋਂ ਪਹਿਲਾਂ ਹੀ ਵਿਗੜ ਗਈ। ਹਾਲਾਂਕਿ, ਇਸ ਮਾਮਲੇ ਦੀ ਪੈਰਵੀ ਕੀਤੀ ਗਈ  ਅਤੇ ਰਸਮੀ ਪ੍ਰਵਾਨਗੀ ਲਈ ਆਈ.ਸੀ.ਐਮ.ਆਰ ਨੂੰ ਇੱਕ ਰਸਮੀ ਪ੍ਰਸਤਾਵ ਭੇਜਿਆ ਗਿਆ।

ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਕੋਵਿਡ ਹੈਲਥ ਸੈਕਟਰ ਰਿਸਪਾਂਸ ਅਤੇ ਪਰਕਿਓਰਮੈਂਟ ਕਮੇਟੀ ਦੇ ਚੇਅਰਪਰਸਨ ਸ਼੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਆਈ.ਸੀ.ਐੱਮ.ਆਰ., ਨਵੀਂ ਦਿੱਲੀ ਨੇ ਪਲਾਜ਼ਮਾ ਥੈਰੇਪੀ ਦੇ ਕਲੀਨੀਕਲ ਟਰਾਇਲ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਦੇ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ। ਵਧੀਕ ਮੁੱਖ ਸਕੱਤਰ ਅਨੁਸਾਰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ, ਫਰੀਦਕੋਟ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ, ਅੰਮ੍ਰਿਤਸਰ, ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ,  ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਅਤੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ, ਲੁਧਿਆਣਾ ਨੇ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਟਰਾਇਲ ਲਈ ਭਾਈਵਾਲੀ ਕੀਤੀ ਹੈ। ਅੰਤਰ-ਸੰਸਥਾ ਤਾਲਮੇਲ ਪ੍ਰਮੁੱਖ ਜਾਂਚਕਰਤਾਵਾਂ ਦੁਆਰਾ ਕੀਤਾ ਜਾਵੇਗਾ ਜੋ ਇਹ ਵੀ ਯਕੀਨੀ ਬਣਾਉਂਣਗੇ ਕਿ ਹਰੇਕ ਸੰਸਥਾ ਵਿੱਚ ਸਮੁੱਚਾ ਟਰਾਇਲ ਆਈ.ਸੀ.ਐਮ.ਆਰ. ਦੇ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਕੀਤਾ ਜਾਵੇ।

Leave a Reply

Your email address will not be published. Required fields are marked *