‘ਦ ਖ਼ਾਲਸ ਬਿਊਰੋ:- NDP (ਨਿਊ ਡੈਮੋਕਰੇਟਿਕ ਪਾਰਟੀ) ਦੇ ਆਗੂ ਸਿੱਖ ਸੰਸਦ ਮੈਂਬਰ ਜਗਮੀਤ ਸਿੰਘ ਨੂੰ ਇੱਕ ਸਾਥੀ ਸੰਸਦ ਮੈਂਬਰ ਨੂੰ ਨਸਲਵਾਦੀ ਕਹਿਣ ਕਾਰਨ ਸੰਸਦ ਵਿੱਚੋਂ ਇੱਕ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਿਕ ਜਗਮੀਤ ਨੇ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੇ ਸਥਾਨਕ ਨਸਲਵਾਦ ਖਿਲਾਫ ਮਤੇ ਦਾ ਸੰਸਦ ਮੈਂਬਰ ਥੇਰੀਅਨ ਵੱਲੋਂ ਸਮਰਥਨ ਕਰਨ ਤੋਂ ਇਨਕਾਰ ਕਰਨ ’ਤੇ ਉਸ ਨੂੰ ‘ਨਸਲਵਾਦੀ’ ਆਖਿਆ ਸੀ। ਜਿਸ ਤੋਂ ਬਾਅਦ ਸਪੀਕਰ ਐਂਥਨੀ ਰੋਟਾ ਨੇ ਜਗਮੀਤ ਨੂੰ ਇਕ ਦਿਨ ਲਈ ਸੰਸਦ ਵਿਚੋਂ ਮੁਅੱਤਲ ਕਰ ਦਿੱਤਾ।

ਬੁੱਧਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਜਗਮੀਤ ਨੇ ਕਿਹਾ, ‘‘ਮੈਂ ਨਸਲਵਾਦ ਸਬੰਧੀ ਆਪਣੀ ਗੱਲ ’ਤੇ ਕਾਇਮ ਹਾਂ। ਮੈਨੂੰ ਨਹੀਂ ਲੱਗਦਾ ਕਿ ਅਜਿਹੇ ਲੋਕਾਂ ਦੇ ਨਾਂ ਦੱਸਣ ਨਾਲ ਮੈਨੂੰ ਕੋਈ ਲਾਭ ਹੋਵੇਗਾ। ਮੈਂ ਉਦੋਂ ਨਾਰਾਜ਼ ਸੀ ਅਤੇ ਮੈਂ ਹੁਣ ਵੀ ਆਪਣੀ ਗੱਲ ’ਤੇ ਕਾਇਮ ਹਾਂ”।

ਜਗਮੀਤ ਸਿੰਘ ਨੇ ਪੁਲਿਸ ਫੋਰਸ ਵਿੱਚ ਨਸਲਵਾਦ ਦਾ ਦਾਅਵਾ ਕਰਦਿਆਂ ਸਰਬਸੰਮਤੀ ਨਾਲ ਮਤਾ ਪਾਸ ਕਰਨ ਦੀ ਮੰਗ ਕੀਤੀ ਸੀ। ਹੋਰ ਸਾਰੀਆਂ ਪਾਰਟੀਆਂ ਮਤੇ ਦੇ ਪੱਖ ਵਿੱਚ ਜਾਪਦੀਆਂ ਸਨ, ਪਰ ਇਸ ਦੌਰਾਨ ਜਗਮੀਤ ਸਿੰਘ ਤੇ ਥੇਰੀਅਨ ਵਿਚਕਾਰ ਭਖਵੀਂ ਬਹਿਸ ਵੀ ਹੋਈ। ਸਪੀਕਰ ਐਂਥਨੀ ਰੋਟਾ ਨੇ ਜਗਮੀਤ ਸਿੰਘ ਨੂੰ ਕਿਹਾ ਕਿ ਉਹਨਾਂ ਨੇ ਆਪਣੇ ਸਾਥੀ ਸੰਸਦ ਦਾ ਅਪਮਾਨ ਕੀਤਾ ਹੈ। ਜਦੋਂ ਜਗਮੀਤ ਸਿੰਘ ਨੂੰ ਇਸ ਸੰਬੰਧੀ ਮਾਫੀ ਮੰਗਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਇਸ ਤੋਂ ਨਾਂਹ ਕਰ ਦਿੱਤੀ। ਜਿਸ ਕਰਕੇ ਸਪੀਕਰ ਨੇ ਜਗਮੀਤ ਸਿੰਘ ਨੂੰ ਪੂਰੇ ਦਿਨ ਲਈ ਸੰਸਦ ਵਿੱਚੋਂ ਮੁਅੱਤਲ ਕਰ ਦਿੱਤਾ।