‘ਦ ਖ਼ਾਲਸ ਬਿਊਰੋ:- ਸ੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਊਣਤਾਈਆਂ ਦੀ ਖ਼ਬਰ ਦਿਨ-ਬ-ਦਿਨ ਆਉਂਦੀ ਰਹਿੰਦੀ ਹੈ। ਪਿਛਲੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲੰਗਰ ਵਿੱਚ ਘਪਲੇ ਤੋਂ ਬਾਅਦ ਹੁਣ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਪੜਤਾਲ ’ਚ ਕਈ ਗੜਬੜੀਆਂ ਸਾਹਮਣੇ ਆਈਆਂ ਹਨ।

 

ਕੁਲਦੀਪ ਸਿੰਘ ਰੋਡੇ ਦੀ ਅਗਵਾਈ ਵਿੱਚ ਪਹੁੰਚੀ ਜਾਂਚ ਟੀਮ ਨੇ ਲੰਗਰ ‘ਚ ਹੋ ਰਹੇ ਘਪਲੇ ਨੂੰ ਦੇਖਦਿਆਂ ਕਰੀਬ ਅੱਸੀ ਹਜ਼ਾਰ ਰੁਪਏ ਹਰਜਾਨੇ ਵਜੋਂ ਦਫਤਰੀ ਅਮਲੇ ਪਾਸੋਂ ਭਰਵਾਏ। ਪੜਤਾਲ ਦੌਰਾਨ ਪਾਇਆ ਗਿਆ ਕਿ ਲੌਕਡਾਊਨ ਦੇ ਦੌਰਾਨ ਦਰਬਾਰ ਸਾਹਿਬ ਵਿਖੇ ਦੁੱਧ ਅਤੇ ਹੋਰ ਖੁਰਾਕੀ ਪਦਾਰਥਾਂ ਦੀ ਖਰੀਦ ਵਿੱਚ ਕਥਿਤ ਹੇਰਾਫੇਰੀ ਕੀਤੀ ਗਈ ਸੀ। ਫਿਲਹਾਲ ਇਸ ਜਾਂਚ ਟੀਮ ਵੱਲੋਂ ਮੈਨੇਜਰ ਸੁਮੇਰ ਸਿੰਘ ਅਤੇ ਸਟੋਰ ਕੀਪਰ ਕੁਲਵੰਤ ਸਿੰਘ ਝਬੇਲਵਾਲੀ ਪਾਸੋਂ ਪੜਤਾਲ ਕੀਤੀ ਜਾ ਰਹੀ ਹੈ। ਸ੍ਰੀ ਰੋਡੇ ਨੇ ਕਿਹਾ ਕਿ ਸਾਰੇ ਮਾਮਲੇ ਦੀ ਪੜਤਾਲ ਕਰਕੇ ਸ੍ਰੋਮਣੀ ਕਮੇਟੀ ਨੂੰ ਭੇਜੀ ਗਈ ਹੈ।

 

ਓਧਰ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਨੇ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਵਿਰੋਧੀਆਂ ਵੱਲੋ ਝੂਠਾ ਉਭਾਰਿਆ ਗਿਆ ਹੈ। ਉਹ ਕਰੀਬ ਤਿੰਨ ਮਹੀਨੇ ਪਹਿਲਾਂ ਆਏ ਹਨ। ਲੌਕਡਾਊਨ ਦੌਰਾਨ ਕਿਸੇ ਮਹਿਮਾਨ ਜਾਂ ਸੰਗਤ ਦੀ ਲੋੜ ਲਈ ਸਟੋਰਕੀਪਰ ਵੱਲੋਂ ਥੋੜ੍ਹਾ-ਬਹੁਤ ਦੁੱਧ ਜਾਂ ਹੋਰ ਰਾਸ਼ਨ ਦਾ ਮੌਕੇ ’ਤੇ ਪ੍ਰਬੰਧ ਕੀਤਾ ਜਾਂਦਾ ਸੀ। ਇਸੇ ਨੂੰ ਆਧਾਰ ਬਣਾ ਕੇ ਪੂਰੇ ਸਾਲ ਦਾ ਖਰਚਾ ਉਨ੍ਹਾਂ ਦੇ ਸਿਰ ਪਾ ਦਿੱਤਾ ਹੈ। ਇਹ ਸਾਰਾ ਕੁੱਝ ਬਦਨਾਮ ਕਰਨ ਦੀ ਖਾਤਰ ਕੀਤਾ ਗਿਆ ਹੈ, ਜਿਸ ਸਬੰਧੀ ਉਨ੍ਹਾਂ ਨੇ ਥਾਣਾ ਸਿਟੀ ਵਿਖੇ ਲਿਖਤੀ ਸ਼ਿਕਾਇਤ ਵੀ ਕੀਤੀ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਸਾਰੀ ਸਥਿਤੀ ਸਪੱਸ਼ਟ ਕਰ ਦੇਣਗੇ।