‘ਦ ਖਾਲਸ ਬਿਓਰੋ : ਯਤੀ ਨਰਸਿੰਘਾਨੰਦ,ਜਿਸਨੇ ਪਿਛਲੇ ਮਹੀਨੇ ਹਰਿਦੁਆਰ ਵਿੱਚ ਇੱਕ ਸਮਾਗਮ ਦੇ ਆਯੋਜਨ ਦੌਰਾਨ ਧਾਰਮਿਕ ਨਫ਼ਰਤ ਫੈਲਾਉਣ ਵਾਲਾ ਭਾਸ਼ਣ ਦਿਤਾ ਸੀ,ਨੂੰ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ।ਇਸ ਤੋਂ ਪਹਿਲਾਂ ਜਤਿੰਦਰ ਨਰਾਇਣ ਸਿੰਘ ਤਿਆਗੀ ਨਾਮ ਦੇ ਵਿਅਕਤੀ ਨੂੰ ਹਰਿਦੁਆਰ ਧਾਰਮਿਕ ਸਭਾ ਨਾਲ ਜੁੜੇ ਨਫ਼ਰਤ ਭਰੇ ਭਾਸ਼ਣ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਨਰਸਿੰਘਾਨੰਦ ਉਨ੍ਹਾਂ ਵਿਅਕਤੀਆਂ ਵਿੱਚ ਸ਼ਾਮਲ ਸੀ,ਜਿਨ੍ਹਾਂ ਦਾ ਨਾਮ ਐਫਆਈਆਰ ਵਿੱਚ ਦਰਜ ਕੀਤਾ ਗਿਆ ਹੈ।ਇਸ ਮਾਮਲੇ ਵਿੱਚ ਪਹਿਲੀ ਗ੍ਰਿਫ਼ਤਾਰੀ ਘਟਨਾ ਦੇ ਤਕਰੀਬਨ ਇੱਕ ਮਹੀਨੇ ਬਾਅਦ ਹੋਈ ਹੈ, ਜਦੋਂ ਸੁਪਰੀਮ ਕੋਰਟ ਨੇ ਇੱਕ ਵਕੀਲ ਵੱਲੋਂ ਇਸ ਮਾਮਲੇ ਸੰਬੰਧੀ ਦਰਜ਼ ਕਰਾਈ ਗਈ ਪਟੀਸ਼ਨ ਤੇ ਸੁਣਵਾਈ ਕਰਨ ਦੀ ਹਾਮੀ ਭਰੀ ਤੇ ਉੱਤਰਾਖੰਡ ਸਰਕਾਰ ਨੂੰ ਇਸ ਮਾਮਲੇ ਵਿੱਚ ਕੀਤੀ ਕਾਰਵਾਈ ਬਾਰੇ 10 ਦਿਨਾਂ ਦੇ ਅੰਦਰ ਹਲਫ਼ਨਾਮਾ ਦਾਖਲ ਕਰਨ ਦੇ ਨਿਰਦੇਸ਼ ਦੇ ਦਿੱਤੇ।
17 ਤੋਂ 20 ਦਸੰਬਰ ਤੱਕ ਹਰਿਦੁਆਰ ਵਿੱਖੇ ਆਯੋਜਿਤ ਧਾਰਮਿਕ ਸਭਾ ਦੀਆਂ ਵੀਡਿਓ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਗਈਆਂ ਸੀ ਅਤੇ ਪੂਰੇ ਦੇਸ਼ ਵਿੱਚ ਇਸ ਦੀ ਕਾਫ਼ੀ ਆਲੋਚਨਾ ਹੋਈ ਸੀ ਤੇ ਇਥੋਂ ਤੱਕ ਅੰਤਰਰਾਸ਼ਟਰੀ ਟੈਨਿਸ ਖਿਡਾਰੀ ਮਾਰਟੀਨਾ ਨਵਰਾਤੀਲੋਵਾ ਨੇ ਵੀ ਇਸ ਭਾਸ਼ਨ ਦੀ ਤਿੱਖੀ ਆਲੋਚਨਾ ਕੀਤੀ ਸੀ।