International

ਹੁੰਗਾ ਟੋਂਗਾ-ਹੁੰਗਾ ਹਾਪਾਈ ਜਵਾਲਾਮੁਖੀ ਫਟੀ, ਸੁਨਾਮੀ ਦੀ ਚਿਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਿਊਜ਼ੀਲੈਂਡ, ਫਿਜ਼ੀ ਅਤੇ ਟੋਂਗਾ ਸਮੇਤ ਕਈ ਦੇਸ਼ਾਂ ਵਿੱਚ ਇੱਕ ਵਿਸ਼ਾਲ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਹ ਜਵਾਲਾਮੁਖੀ ਪਾਣੀ ਦੇ ਹੇਠਾਂ ਫਟ ਗਿਆ ਹੈ। ਟੋਂਗਾ ਤੋਂ ਸੋਸ਼ਲ ਮੀਡੀਆ ‘ਤੇ ਆ ਰਹੀਆਂ ਤਸਵੀਰਾਂ ‘ਚ ਪਾਣੀ ਦੀਆਂ ਲਹਿਰਾਂ ਚਰਚ ਅਤੇ ਕਈ ਘਰਾਂ ਦੇ ਉੱਪਰੋਂ ਲੰਘਦੀਆਂ ਦਿਖਾਈ ਦੇ ਰਹੀਆਂ ਹਨ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਟੋਂਗਾ ਦੀ ਰਾਜਧਾਨੀ ਨੁਕੁਆਲੋਫਾ ‘ਤੇ ਜਵਾਲਾਮੁਖੀ ਦੀ ਸੁਆਹ ਹਰ ਪਾਸੇ ਡਿੱਗ ਰਹੀ ਹੈ।

ਉੱਥੇ ਰਹਿਣ ਵਾਲੇ ਲੋਕਾਂ ਨੂੰ ਉੱਚੀਆਂ ਥਾਂਵਾਂ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਹੁੰਗਾ ਟੋਂਗਾ-ਹੁੰਗਾ ਹਾਪਾਈ ਜਵਾਲਾਮੁਖੀ ਵਿੱਚ ਹੋ ਰਹੀ ਹਲਚਲ ਦੇ ਬਾਅਦ ਇਹ ਸਭ ਤੋਂ ਤਾਜ਼ਾ ਵਿਸਫੋਟ ਹੈ। ਦੂਜੇ ਪਾਸੇ ਫਿਜੀ ਦੀ ਰਾਜਧਾਨੀ ਸੁਵਾ ‘ਚ ਅਧਿਕਾਰੀਆਂ ਨੇ ਦੱਸਿਆ ਕਿ 8 ਮਿੰਟ ਤੱਕ ਹੋਏ ਜਵਾਲਾਮੁਖੀ ਦੇ ਫਟਣ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ 500 ਮੀਲ ਤੱਕ ਦੀ ਦੂਰੀ ‘ਤੇ ਫਿਜੀ ਵਿੱਚ ਵੀ ਸੁਣਾਈ ਦਿੱਤੀ।

ਟੋਂਗਾ ਦੇ ਭੂ-ਵਿਗਿਆਨ ਵਿਭਾਗ ਨੇ ਕਿਹਾ ਹੈ ਕਿ ਜਵਾਲਾਮੁਖੀ ‘ਚੋਂ ਨਿਕਲਣ ਵਾਲੀ ਗੈਸ, ਧੂੰਆਂ ਅਤੇ ਬੱਦਲ ਅਸਮਾਨ ‘ਚ 20 ਕਿਲੋਮੀਟਰ ਦੀ ਉੱਚਾਈ ‘ਤੇ ਪਹੁੰਚ ਗਏ ਸਨ। ਟੋਂਗਾ ਦੀ ਰਾਜਧਾਨੀ, ਹੁੰਗਾ ਟੋਂਗਾ-ਹੁੰਗਾ ਹਾਪਾਈ ਜੁਵਾਲਾਮੁਖੀ ਤੋਂ ਸਿਰਫ਼ 65 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਆਸਟ੍ਰੇਲੀਆ ਦੇ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਉੱਥੇ 1.2 ਮੀਟਰ ਉੱਚੀ ਸੁਨਾਮੀ ਦਰਜ ਕੀਤੀ ਗਈ ਹੈ। ਹੁੰਗਾ ਟੋਂਗਾ-ਹੁੰਗਾ ਹਾਪਾਈ ਜਵਾਲਾਮੁਖੀ ਤੋਂ 2300 ਕਿਲੋਮੀਟਰ ਦੂਰ ਸਥਿਤ ਨਿਊਜ਼ੀਲੈਂਡ ‘ਚ ਵੀ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।