‘ਦ ਖ਼ਾਲਸ ਬਿਊਰੋ:- ਵਿਵਾਦਾਂ ‘ਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਵਿਰੋਧ ਪ੍ਰਗਟਾਉਂਦਿਆਂ ਪੰਜਾਬ ਦੇ ਸਮਾਜਿਕ ਕਾਰਕੁੰਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੇਕਰ ਸਿੱਧੂ ਮੂਸੇਵਾਲਾ ਨੂੰ ਇੰਨਾ ਹੀ ਇੱਜ਼ਤ ਮਾਣ ਦੇਣਾ ਹੈ ਤਾਂ ਉਸ ਨੂੰ DGP ਬਣਾ ਕੇ ਪੰਜਾਬ ਪੁਲਿਸ ਦਾ ਮੁਖੀ ਥਾਪ ਦੇਣਾ ਚਾਹੀਦਾ ਹੈ।

ਐਡਵੋਕੇਟ ਹਾਕਮ ਸਿੰਘ, ਆਰ.ਟੀ.ਆਈ. ਐਕਟਿਵਿਸਟ ਕੁਲਦੀਪ ਸਿੰਘ ਖਹਿਰਾ, ਪਰਵਿੰਦਰ ਸਿੰਘ ਕਿੱਤਣਾ ਅਤੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਵੱਲੋਂ ਭੇਜੇ ਗਏ ਪੱਤਰ ਵਿੱਚ ਪੰਜਾਬ ਪੁਲਿਸ ਦੀ ਮੂਸੇਵਾਲਾ ਉਤੇ ਮਿਹਰਬਾਨੀ ਅਤੇ ਮਿਲੀਭੁਗਤ ਦੀਆਂ ਕਈ ਉਦਾਹਰਣਾਂ ਦਿੱਤੀਆਂ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਤੇ ਵਿਅੰਗ ਕਸਦਿਆਂ ਲਿਖਿਆ ਗਿਆ ਹੈ- ਆਪ ਜੀ ਅਤੇ ਆਪ ਜੀ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਤੇ ਉਨ੍ਹਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੰਮ ਕੀਤੇ ਜਾ ਰਹੇ ਹਨ, ਉਸ ਦੇ ਮੁਤਾਬਕ ਆਪ ਜੀ ਨੂੰ ਯੋਗ ਸੁਝਾਅ ਦੇਣਾ ਸਾਡਾ ਵੀ ਫ਼ਰਜ਼ ਬਣਦਾ ਹੈ।

 

ਸਿੱਧੂ ਮੂਸੇਵਾਲੇ ਨੂੰ DGP ਲਗਾਉਣ ਸਬੰਧੀ ਬੇਨਤੀ ਪੱਤਰ

ਸਿੱਧੂ ਮੂਸੇਵਾਲਾ ਬਾਰੇ ਆਪ ਜਾਣਦੇ ਹੋਵੋਗੇ। ਜੇ ਆਪ ਨਹੀਂ ਜਾਣਦੇ ਤੁਹਾਡੀ ਪੁਲਿਸ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ। ਪੰਜਾਬ ਵਿੱਚ ਕਰੋਨਾ ਲਈ ਇੱਕ ਖ਼ਾਸ ਵਰਗ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦਾ ਗੀਤ ਗਾਉਣ ਕਰਕੇ ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਪੁਲਿਸ ਅਧਿਕਾਰੀਆਂ ਦੀ ਵੀ ਖੂਬ ਚਰਚਾ ਹੋਈ ਸੀ। ਇਸ ਗੀਤ ਦੇ ਸ਼ੁਰੂ ਵਿੱਚ ਸਿੱਧੂ ਮੂਸੇਵਾਲਾ ਨੇ ਪੰਜਾਬ ਪੁਲਿਸ ਦੇ ਲੋਗੋ ਦੀ ਵਰਤੋਂ ਵੀ ਕੀਤੀ ਸੀ। ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਨੇ ਉਸ ਦਾ ਗਾਇਆ ਗੀਤ ਸੋਸ਼ਲ ਮੀਡੀਆ ‘ਤੇ ਆਪ ਸ਼ੇਅਰ ਕੀਤਾ ਸੀ। ਸਿੱਧੂ ਮੂਸੇਵਾਲਾ ਦੀ ਇੰਨੀ ਇੱਜ਼ਤ ਜਾਂ ਉਸ ਦਾ ਇੰਨਾ ਡਰ ਕਿ ਪੰਜਾਬ ਪੁਲਿਸ ਹਾਈਕੋਰਟ ਦੀਆਂ ਹਦਾਇਤਾਂ ਦੀ ਵੀ ਪ੍ਰਵਾਹ ਨਹੀਂ ਕਰਦੀ।

ਪੱਤਰ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਐਡਵੋਕੇਟ ਐਚ. ਸੀ. ਅਰੋੜਾ ਦੀ ਸ਼ਿਕਾਇਤ ‘ਤੇ ਸਿੱਧੂ ਮੂਸੇਵਾਲਾ ਖ਼ਿਲਾਫ਼ ਮਾਨਸਾ ਜ਼ਿਲ੍ਹਾ ‘ਚ ਪਰਚਾ ਦਰਜ ਹੋਣ, ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਵਿੱਚ ਉਸ ਖ਼ਿਲਾਫ਼ ਫਾਇਰਿੰਗ ਕਰਨ ਦੇ ਮੁਕੱਦਮੇ ਦਰਜ ਹੋਣ, ਐਡਵੋਕੇਟ ਰਵੀ ਜੋਸ਼ੀ ਦੀ ਜਨਹਿੱਤ ਪਟੀਸ਼ਨ ਦੇ ਜਵਾਬ ਵਿੱਚ ਆਰਮਜ਼ ਐਕਟ ਲਗਾਉਣ ਅਤੇ ਪਟਿਆਲਾ ਦੇ ਨਾਭਾ ਥਾਣੇ ਦੀ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਨ ਦੀ ਥਾਂ ਸਿਰਫ਼ ਚਲਾਨ ਕੱਟ ਕੇ ਛੱਡਣ ਦੀਆਂ ਘਟਨਾਵਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ।

ਪੱਤਰ ਦੇ ਅੰਤ ਵਿੱਚ ਲਿਖਿਆ ਗਿਆ ਹੈ , “ਸਾਰੇ ਵਰਤਾਰੇ ਤੋਂ ਇੱਕ ਗੱਲ ਚੰਗੀ ਤਰ੍ਹਾਂ ਸਾਬਿਤ ਹੋ ਰਹੀ ਹੈ ਕਿ ਸੰਗਰੂਰ, ਬਰਨਾਲਾ ਅਤੇ ਪਟਿਆਲਾ ਜਿਲ੍ਹਿਆਂ ਦੀ ਪੁਲਿਸ ਕਾਨੂੰਨ ਮੁਤਾਬਕ ਕੰਮ ਨਾ ਕਰ ਕੇ ਇਸ ਗਾਇਕ ਸਿੱਧੂ ਮੂਸੇਵਾਲੇ ਮੁਤਾਬਕ ਚਲ ਰਹੀ ਹੈ। ਇਹ ਸ਼ਖਸ ਹੀ ਪੰਜਾਬ ਪੁਲਿਸ ਦੇ ਕਈ ਜਿਲ੍ਹਿਆਂ ਦੀ ਪੁਲਿਸ ਨੂੰ ਆਪਣੀ ਇੱਛਾ ਅਨੁਸਾਰ ਚਲਾ ਰਿਹਾ ਹੈ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਜੇਕਰ ਇਸ ਸਿੱਧੂ ਮੂਸੇਵਾਲਾ ਨੂੰ ਪੰਜਾਬ ਸਰਕਾਰ ਵਲੋਂ ਏਨਾ ਹੀ ਕਾਬਲ ਅਤੇ ਸਨਮਾਨਯੋਗ ਸਮਝਿਆ ਜਾ ਰਿਹਾ ਹੈ ਤਾਂ ਚੰਗਾ ਹੋਵੇਗਾ ਕਿ ਇਸਨੂੰ ਡੀਜੀਪੀ (ਡਾਇਰੈਕਟਰ ਜਨਰਲ ਆਫ਼ ਪੁਲਿਸ) ਬਣਾ ਕੇ ਪੂਰੀ ਪੰਜਾਬ ਪੁਲੀਸ ਦਾ ਮੁਖੀ ਲਗਾ ਦਿੱਤਾ ਜਾਵੇ ਤਾਂ ਜੋ ਪੰਜਾਬ ਪੁਲਿਸ ਦੇ ਅਧਿਕਾਰੀ ਕਾਨੂੰਨੀ ਤੌਰ ‘ਤੇ ਉਸ ਨੂੰ ਇੱਜ਼ਤ ਮਾਣ ਦੇ ਸਕਣ ਤੇ ਉਸ ਦੀ ਇੱਛਾ ਮੁਤਾਬਕ ਕੰਮ ਕਰ ਸਕਣ”

ਇੱਥੇ ਦੱਸਣਯੋਗ ਹੈ ਕਿ ਇਨ੍ਹਾਂ ਸਮਾਜਿਕ ਕਾਰਕੁੰਨਾਂ ਨੇ ਸਿੱਧੂ ਮੂਸੇਵਾਲਾ ਖ਼ਿਲਾਫ਼ ਦਰਜ ਕੇਸਾਂ ਵਿੱਚ ਸ਼ਿਕਾਇਤਕਰਤਾ ਬਣਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਵੀ ਲਗਾਈ ਹੋਈ ਹੈ ।