‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿਸੇ ਵੀ ਸਮਾਜਿਕ ਸੁਧਾਰ ਜਾਂ ਬਦਲਾਅ ਲਈ ਤਿੱਖੇ ਸ਼ਬਦਾਂ ਤੇ ਸਖਤ ਫੈਸਲੇ ਲੈਣ ਦੀ ਲੋੜ ਪੈਂਦੀ ਹੈ। ਕਈ ਵਾਰ ਕੁੱਝ ਚੀਜਾਂ ਇਸ ਹੱਦ ਤੱਕ ਵਧ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਨੱਥ ਪਾਉਣ ਲਈ ਸੂਆ ਤਿੱਖਾ ਕਰਨਾ ਹੀ ਪੈਂਦਾ ਹੈ। ਇਹੋ ਜਿਹੇ ਸਖਤ ਸ਼ਬਦਾਂ ਤੇ ਫੈਸਲਿਆਂ ਲਈ ਬਠਿੰਡਾ ਦੇ ਹੰਸ ਨਗਰ ਦੇ ਥਾਣਾ ਮੁਖੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ।ਇਸ ਵੀਡੀਓ ਦੀ ਗੱਲ ਕਰੀਏ ਤਾਂ ਐਸਐਚਓ ਦਾ ਸਿੱਧਾ ਬਿਆਨ ਸੁਣਨਾ ਪਹਿਲਾਂ ਬਹੁਤ ਜਰੂਰੀ ਹੈ।

ਐਸਐਚਓ ਦਾ ਕਹਿਣਾ ਹੈ ਕਿ ਉਹ ਨਸ਼ਾ ਵੇਚਣ ਵਾਲਿਆਂ, ਦੇਹ ਵਪਾਰ ਚਲਾਉਣ ਵਾਲਿਆਂ ਤੇ ਨਿੱਕਰਾਂ ਪਾ ਕੇ ਹਵਾ ਕਰਨ ਵਾਲਿਆਂ ਨੂੰ ਸਿੱਧਾ ਹੋ ਕੇ ਨਿੱਬੜੇਗਾ। ਐਸਐਚਓ ਨੇ ਕਿਹਾ ਕਿ ਧੀਆਂ ਭੈਣਾਂ ਸਭ ਦੀਆਂ ਬਰਾਬਰ ਹਨ ਤੇ ਮੈਂ ਇਨ੍ਹਾਂ ਦੀ ਹਰ ਹੀਲੇ ਰਾਖੀ ਕਰਾਂਗਾ। ਇੰਨਾ ਹੀ ਨਹੀਂ ਜਿਹੜਾ ਵੀ ਮਰਦ ਜਾਂ ਔਰਤ ਗਲਤ ਕੰਮ ਨਾਲ ਮੁਹੱਲੇ ਵਿੱਚ ਗੰਦ ਪਾਉਂਦਾ ਹੈ, ਉਸਨੂੰ ਸਰੇਆਮ ਫੜ੍ਹ ਕੇ ਉਸੇ ਹਾਲਤ ਵਿੱਚ ਗਲੀ ਵਿੱਚ ਘੁਮਾਇਆ ਜਾਵੇਗਾ। ਐਸਐਚਓ ਦਾ ਕਹਿਣਾ ਹੈ ਕਿ ਇੱਜਤਦਾਰ ਲੋਕ ਆਪਣੇ ਪਰਿਵਾਰ ਸਾਂਭ ਲੈਣ ਤੇ ਜਿਹੜੇ ਇੱਜਤਾਂ ਖਰਾਬ ਕਰਦੇ ਹਨ, ਉਨ੍ਹਾਂ ਨੂੰ ਮੈਂ ਸਾਂਭ ਲਵਾਂਗਾ।

ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕਈ ਲੋਕ ਇਸ ਐਸਐਚਓ ਦੀ ਭਾਸ਼ਾ ਨੂੰ ਗਲਤ ਦੱਸ ਕੇ ਇਸਦਾ ਵਿਰੋਧ ਕਰ ਰਹੇ ਹਨ। ਕਈਆਂ ਦਾ ਕਹਿਣਾ ਹੈ ਕਿ ਇਹ ਭਾਸ਼ਾ ਦੀ ਮਰਿਆਦਾ ਨਹੀਂ ਹੈ। ਐਸਐਚਓ ਦੀ ਵਰਜਣਾ ਨੂੰ ਕਈ ਤਰੀਕੇ ਨਾਲ ਭੰਡਿਆ ਵੀ ਜਾ ਰਿਹਾ ਹੈ। ਪਰ ਵਿਰੋਧ ਕਰਨ ਵਾਲੇ ਕੀ ਦੱਸ ਸਕਦੇ ਹਨ ਕਿ ਜਿਨ੍ਹਾਂ ਮੁਹੱਲਿਆਂ ਅੰਦਰ ਗਲਤ ਕੰਮ ਹੁੰਦੇ ਹਨ ਜਾਂ ਕੋਈ ਨਸ਼ਾ ਪੱਤਾ ਵੇਚਣ ਤੋਂ ਬਾਅਦ ਇੱਜਤਾਂ ਤੇ ਨੌਜਵਾਨਾਂ ਨੂੰ ਖੱਜਲ ਖੁਆਰ ਕਰਦਾ ਹੈ, ਉਨ੍ਹਾਂ ਦਾ ਹੱਲ ਹਲੀਮੀ ਨਾਲ ਹੋ ਸਕਦਾ ਹੈ।

ਐੱਸਐੱਚਓ ਨਾ ਤਾਂ ਧਮਕੀ ਦੇ ਰਿਹਾ ਹੈ ਤੇ ਨਾ ਹੀ ਕਿਸੇ ਨੂੰ ਆਪਣਾ ਦਬਦਬਾ ਦੱਸ ਰਿਹਾ ਹੈ। ਉਸਦਾ ਸਿਰਫ ਇੰਨਾ ਕਹਿਣਾ ਹੈ ਕਿ ਗਲਤ ਕੰਮ ਕਰਨ ਵਾਲੇ ਬਾਜ ਆ ਜਾਣ ਨਹੀਂ ਤਾਂ ਬਖਸ਼ੇ ਨਹੀਂ ਜਾਣਗੇ। ਜੇਕਰ ਐੱਸਐੱਚਓ ਧੀਆਂ ਭੈਣਾਂ ਦੀਆਂ ਇੱਜਤਾਂ ਦੀ ਰਾਖੀ ਕਰਨ ਲਈ ਤਿੱਖਾ ਵੀ ਬੋਲ ਰਿਹਾ ਹੈ ਤਾਂ ਸਾਨੂੰ ਉਸਦਾ ਸਾਥ ਦੇਣਾ ਚਾਹੀਦਾ ਹੈ ਨਾ ਕਿ ਫੋਕੀਆਂ ਮਰਿਆਦਾ ਦੀਆਂ ਗੱਲਾਂ ਕਰਕੇ ਉਸਨੂੰ ਬਾਕੀ ਪੁਲਿਸ ਮੁਲਾਜਮਾਂ ਵਾਂਗ ਇੱਕੋ ਰੱਸੇ ਨਾਲ ਬੰਨ੍ਹਣਾ ਚਾਹੀਦਾ ਹੈ। ਕਿਉਂ ਕਿ ਜਿਨ੍ਹਾਂ ਮੁਹੱਲਿਆਂ ਵਿੱਚ ਗਲਤ ਕੰਮ ਹੁੰਦੇ ਹਨ, ਉੱਥੇ ਰਹਿਣ ਵਾਲੇ ਲੋਕ ਹੀ ਜਾਣਦੇ ਹਨ ਕਿ ਇਸਦਾ ਸੰਤਾਪ ਕੀ ਹੁੰਦਾ ਹੈ।

Leave a Reply

Your email address will not be published. Required fields are marked *