‘ਦ ਖ਼ਾਲਸ ਬਿਊਰੋ:- ਸਿੱਖ ਇਤਿਹਾਸ ਦੀ ਸਭ ਤੋਂ ਪਹਿਲੀ ਮਹਾਨ ਸ਼ਖਸੀਅਤ ਮਾਈ ਭਾਗ ਕੌਰ ਜੀ ਜਿਨ੍ਹਾਂ ਨੇ ਮੁਗਲਾਂ ਦੇ ਵੱਧ ਰਹੇ ਜ਼ੁਲਮਾਂ ਖ਼ਿਲਾਫ਼ ਹਥਿਆਰ ਚੁੱਕੇ ਸਨ। ਉਹ ਯੁੱਧ ਦੇ ਮੈਦਾਨ ਵਿੱਚ ਇੱਕ ਮਹਾਨ ਯੋਧਾ ਸੀ। ਮਾਈ ਭਾਗੋ ਜੀ ਭਾਈ ਪਾਰੇ ਸ਼ਾਹ ਦੇ ਖਾਨਦਾਨ ਵਿੱਚੋਂ ਸੀ। ਮਾਈ ਭਾਗੋ ਦਾ ਜਨਮ ਪਿੰਡ ਝਬਾਲ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਭਾਈ ਪਾਰੇ ਸ਼ਾਹ ਦੇ ਪੁੱਤਰ ਭਾਈ ਮੱਲੋ ਸ਼ਾਹ ਜੀ ਦੇ ਘਰ ਹੋਇਆ। ਭਾਈ ਮੱਲੋ ਸ਼ਾਹ ਜੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੈਨਾ ਵਿੱਚ ਭਰਤੀ ਸਨ। ਮਾਈ ਭਾਗੋ ਜੀ ਨੇ ਵੀ ਆਪਣੇ ਪਿਤਾ ਜੀ ਦੀ ਤਰ੍ਹਾਂ ਸ਼ਸਤਰ ਵਿੱਦਿਆ ਦੀ ਸਿਖਲਾਈ ਲਈ। ਮਾਈ ਭਾਗੋ ਜੀ ਦਾ ਬਚਪਨ ਦਾ ਨਾਮ ਭਾਗਭਰੀ ਸੀ। ਸਿੱਖ ਇਤਿਹਾਸ ਵਿੱਚ ਉਨ੍ਹਾਂ ਨੂੰ ਮਾਈ ਭਾਗੋ ਵਜੋਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਵਿਆਹ ਪੱਟੀ ਦੇ ਭਾਈ ਨਿਧਾਨ ਸਿੰਘ ਨਾਲ ਹੋਇਆ ਸੀ।
ਸਿੱਖ ਇਤਿਹਾਸ ਵਿੱਚ ਮਾਈ ਭਾਗੋ ਜੀ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਸਨ ਕਿ ਉਹਨਾਂ ਨੇ ਮਾਝੇ ਦੇ ਸਿੱਖਾਂ ਨੂੰ ਪ੍ਰੇਰਣਾ ਦੇ ਕੇ ਮੁੜ ਗੁਰੂ ਜੀ ਦੇ ਲੜ ਲਾਇਆ | ਉਹਨਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ ‘ਤੇ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ ਸੀ। ਮਾਈ ਭਾਗੋ ਜੀ ਆਪ ਵੀ ਇਸ ਯੁੱਧ ਵਿਚ ਜ਼ਖਮੀ ਹੋ ਗਏ ਸਨ।
ਅਨੰਦਪੁਰ ਦਾ ਕਿਲ੍ਹਾ ਖਾਲੀ ਕਰਾਉਣ ਲਈ ਮੁਗ਼ਲਾਂ ਨੇ ਐਲਾਨ ਕੀਤਾ ਸੀ ਕਿ ਜੇ ਕੋਈ ਆਪਣੇ-ਆਪ ਨੂੰ ਗੁਰੂ ਦਾ ਸਿੱਖ ਨਾ ਮੰਨ ਕੇ ਗੁਰੂ ਨੂੰ ਛੱਡ ਦੇਵੇਗਾ ਤਾਂ ਉਸ ਨੂੰ ਕੁੱਝ ਨਹੀਂ ਕਿਹਾ ਜਾਵੇਗਾ। ਉਸ ਸਮੇਂ ਮਹਾਂ ਸਿੰਘ ਦੀ ਅਗਵਾਈ ਹੇਠ ਚਾਲੀ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਜਾ ਕੇ ਕਹਿਣ ਲੱਗੇ ਕਿ ਉਹ ਗੁਰੂ ਦੇ ਸਿੱਖ ਨਹੀਂ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ‘ਉਹ ਲਿਖ ਕੇ ਦੇ ਦੇਣ ਕਿ ਅੱਜ ਤੋਂ ਉਹ ਗੁਰੂ ਦੇ ਸਿੱਖ ਨਹੀਂ ਹਨ’। ਇਸ ਤਰ੍ਹਾਂ ਚਾਲੀ ਸਿੱਖਾਂ ਨੇ ‘ਬੇਦਾਵਾ’ ਲਿਖ ਕੇ ਦੇ ਦਿੱਤਾ ਅਤੇ ਅਨੰਦਪੁਰ ਛੱਡ ਕੇ ਤੁਰ ਪਏ।
ਮਾਈ ਭਾਗੋ ਜੀ ਨੇ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਗਏ 40 ਮਝੈਲ ਸਿੰਘਾਂ ਨੂੰ ਪ੍ਰੇਰਨਾ ਦੇ ਕੇ ਅਤੇ ਉਹਨਾਂ ਦੀ ਆਪ ਅਗਵਾਈ ਕਰਕੇ ਗੁਰੂ ਜੀ ਦੀ ਭਾਲ ਵਿੱਚ ਖਿਦਰਾਣੇ ਦੀ ਧਰਤੀ (ਸ੍ਰੀ ਮੁਕਤਸਰ ਸਾਹਿਬ) ਦੇ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦੀਆਂ ਫ਼ੌਜਾਂ ਦਾ ਮੁਕਾਬਲਾ ਕੀਤਾ ਤੇ ਜੰਗ ਵਿੱਚ ਆਪ ਜ਼ਖ਼ਮੀ ਹੋ ਗਏ। ਜੰਗ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਹਿਕਦੀ ਹੋਈ ਮਾਈ ਭਾਗੋ ਜੀ ਕੋਲ ਗਏ ਜੋ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਸੀ। ਗੁਰੂ ਜੀ ਨੇ ਆਪਣੀ ਨਿਗਰਾਨੀ ਹੇਠ ਉਨ੍ਹਾਂ ਦਾ ਇਲਾਜ਼ ਕਰਵਾਇਆ। ਉਨ੍ਹਾਂ ਦੇ ਦੋਵੇਂ ਭਰਾ ਇਸ ਜੰਗ ਵਿੱਚ ਸ਼ਹੀਦ ਹੋ ਚੁੱਕੇ ਸਨ।
ਮਾਈ ਭਾਗੋ ਜੀ ਸ਼੍ਰੀ ਹਜ਼ੂਰ ਸਾਹਿਬ ਤੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਅਤੇ ਅੰਤ ਤੱਕ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਰਹੇ। ਉਹ ਉਸ ਇਲਾਕੇ ਵਿੱਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ (ਕਰਨਾਟਕ) ਦੇ ਇਲਾਕੇ ਵਿੱਚ ਨਾਨਕ ਝੀਰਾ ਜੀ ਦੇ ਕੋਲ ਲਗਭਗ 10 ਕਿਲੋਮੀਟਰ ਦੇ ਜਨਵਾੜੇ ਵਿੱਚ ਉਨ੍ਹਾਂ ਨੇ ਆਪਣਾ ਸਰੀਰ ਤਿਆਗਿਆ।