Punjab

ਬਠਿੰਡਾ ਦੀ ਮਹਿਲਾ ਅਧਿਕਾਰੀ ਨੇ ਆਪ ਵਿਧਾਇਕ ਦਾ ਫ਼ੋਨ ਬਲੈਕ ਲਿਸਟ ‘ਚ ਪਾਇਆ

‘ਦ ਖ਼ਾਲਸ ਬਿਊਰੋ :- ਆਮ ਆਦਮੀ ਪਾਰਟੀ ਦੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਆਪਣੇ ਹੀ ਹਲਕੇ ਦੀ ਮਹਿਲਾ ਪੀਸੀਐੱਸ ਅਧਿਕਾਰੀ ਨਾਲ ਉਨ੍ਹਾਂ ਦੀ ਸੁਣਵਾਈ ਨਾ ਹੋਣ ਤੋਂ ਨਾਰਾਜ਼ ਹਨ। ਵਿਧਾਇਕ ਅਨੁਸਾਰ ਫ਼ੋਨ ਕਰਨ ’ਤੇ ਅਧਿਕਾਰੀ ਉਨ੍ਹਾਂ ਦਾ ਫ਼ੋਨ ਨਹੀਂ ਸੁਣਦੇ। ਉਨ੍ਹਾਂ ਕਿਹਾ ਕਿ ਜਦੋਂ ਉਹ ਅਧਿਕਾਰੀ ਦੇ ਦਫ਼ਤਰ ਗਏ ਤਾਂ ਅੱਗੋਂ ਮਿਲਣ ਤੋਂ ‘ਇਨਕਾਰ’ ਕਰ ਦਿੱਤਾ ਗਿਆ। ਵਿਧਾਇਕ ਨੇ ਆਖਿਆ ਕਿ ਹੁਣ ਤਾਂ ਅਧਿਕਾਰੀ ਨੇ ਉਨ੍ਹਾਂ ਦਾ ਫ਼ੋਨ ਹੀ ‘ਬਲੈਕ’ ਲਿਸਟ ਵਿੱਚ ਪਾ ਦਿੱਤਾ ਹੈ। ਵਿਧਾਇਕ ਨੇ ਆਖਿਆ ਕਿ ਉਹ ਚੁਣੇ ਹੋਏ ਲੋਕ ਨੁਮਾਇੰਦੇ ਹਨ ਅਤੇ ਹਲਕੇ ਦੇ ਲੋਕਾਂ ਦੇ ਕੰਮ-ਧੰਦਿਆਂ ਬਾਬਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫ਼ੋਨ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਡੀਸੀ ਦੇ ਧਿਆਨ ’ਚ ਲਿਆਂਦੇ ਜਾਣ ਪਿੱਛੋਂ ਵੀ ਕੋਈ ਹੱਲ ਨਹੀਂ ਹੋਇਆ।
ਵਿਧਾਇਕ ਨੇ ਮਸਲਾ ਮੁੱਖ ਮੰਤਰੀ, ਵਿਧਾਨ ਸਭਾ ਦੇ ਸਪੀਕਰ ਅਤੇ ਰਾਜ ਦੇ ਮੁੱਖ ਸਕੱਤਰ ਤੱਕ ਪਹੁੰਚਾਏ ਜਾਣ ਦਾ ਖੁਲਾਸਾ ਕਰਦਿਆਂ ਇਨਸਾਫ਼ ਦੀ ਆਸ ਜਤਾਈ।

ਪ੍ਰੋਟੋਕੋਲ ਅਨੁਸਾਰ ਡਿਊਟੀ ਕੀਤੀ ਜਾ ਰਹੀ ਹੈ:

ਐੱਸਡੀਐੱਮ ਜੈਤੋ ਡਾ. ਮਨਦੀਪ ਕੌਰ ਨੇ ਵਿਧਾਇਕ ਦਾ ਫ਼ੋਨ ਨਾ ਸੁਣਨ ਬਾਰੇ ਸਿਰਫ਼ ਏਨਾ ਕਿਹਾ ਕਿ ਫ਼ੋਨ ਕਾਲ ਰਿਕਾਰਡ ਕਢਵਾ ਲਿਆ ਜਾਵੇ। ਉਨ੍ਹਾਂ ਸੁਆਲ ਚੁੱਕਿਆ ਕਿ ਜੇਕਰ ਉਹ ਹਰ ਬੰਦੇ ਦਾ ਫ਼ੋਨ ਸੁਣ ਸਕਦੇ ਹਨ ਤਾਂ ਇਕ ਵਿਧਾਇਕ ਦਾ ਫ਼ੋਨ ਕਿਉਂ ਨਹੀਂ ਸੁਣਨਗੇ? ਉਨ੍ਹਾਂ ਦਾਅਵਾ ਕੀਤਾ ਕਿ ਉਹ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਪ੍ਰੋਟੋਕੋਲ ਤਹਿਤ ਡਿਊਟੀ ਕਰਦੇ ਹਨ ਤੇ ਕੁੱਝ ਵੀ ਇਨ੍ਹਾਂ ਤੋਂ ਬਾਹਰੀ ਨਹੀਂ।