‘ਦ ਖ਼ਾਲਸ ਬਿਊਰੋ:- ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ ਮੋਸਟ ਵਾਂਟੇਡ ਅਪਰਾਧੀ ਵਿਕਾਸ ਦੂਬੇ ਪੁਲਿਸ ਅੜਿੱਕੇ ਆ ਗਿਆ ਹੈ। ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

 

ਦਰਅਸਲ ਵਿਕਾਸ ਦੂਬੇ ਦੀ ਫਿਲਮੀ ਅੰਦਾਜ਼ ਵਿੱਚ ਗ੍ਰਿਫਤਾਰੀ ਹੋਈ ਹੈ। ਵਿਕਾਸ ਦੂਬੇ ਮੱਧ ਪ੍ਰਦੇਸ਼ ‘ਚ ਉਜੈਨ ਮਹਾਂਕਾਲ ਮੰਦਿਰ ਗਿਆ ਸੀ। ਜਿੱਥੇ ਪੁਲਿਸ ਸੁਰੱਖਿਆ ਕਰਮੀਆਂ ਨੇ ਉਸਨੂੰ ਰੋਕ ਕੇ ਜਦੋਂ ਉਸਦੀ ਪਹਿਚਾਣ ਬਾਰੇ ਪੁੱਛਿਆ ਤਾਂ ਵਿਕਾਸ ਦੂਬੇ ਪੁਲਿਸ ‘ਤੇ ਧੌਂਸ ਜਮਾਉਣ ਵਾਲੇ ਅੰਦਾਜ਼ ‘ਚ ਬੋਲਿਆ ਕਿ “ਮੈਂ ਹਾਂ ਵਿਕਾਸ ਦੂਬੇ, ਕਾਨਪੁਰ ਵਾਲਾ”। ਇੰਨੀ ਗੱਲ ਸੁਣਦਿਆਂ ਹੀ ਪੁਲਿਸ ਕਰਮਚਾਰੀ ਨੇ ਵਿਕਾਸ ਦੂਬੇ ਦੇ ਥੱਪੜ ਜੜ ਦਿੱਤਾ ਅਤੇ ਹਿਰਾਸਤ ਵਿੱਚ ਲੈ ਲਿਆ।

 

ਜਾਣਕਾਰੀ ਲਈ ਦੱਸ ਦੇਈਏ ਕਿ ਪਿਛਲੇ ਦਿਨੀਂ UP ਦੇ ਕਾਨਪੁਰ ਵਿੱਚ ਹੋਏ ਪੁਲਿਸ ਮੁਕਾਬਲੇ ਵਿੱਚ ਵਿਕਾਸ ਦੂਬੇ ਤੇ ਉਸਦੇ ਸਾਥੀਆਂ ਨੇ 8 ਪੁਲਿਸ ਕਰਮਚਾਰੀਆਂ ਨੂੰ ਮਾਰ ਦਿੱਤਾ ਸੀ ਅਤੇ 8 ਹੋਰਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ। ਉਸ ਤੋਂ ਬਾਅਦ ਵਿਕਾਸ ਦੂਬੇ ਫਰਾਰ ਹੋ ਗਿਆ ਸੀ। ਪੁਲਿਸ ਵੱਲੋਂ ਫਰੀਦਾਵਾਦ ਅਤੇ ਹਰਿਆਣਾ ‘ਚ ਵਿਕਾਸ ਦੂਬੇ ਦੀ ਸੂਹ ਮਿਲਣ ‘ਤੇ ਛਾਪੇਮਾਰੀ ਵੀ ਕੀਤੀ ਗਈ ਸੀ। ਪਰ ਉਹ ਪੁਲਿਸ ਦੇ ਹੱਥ ਨਹੀਂ ਆ ਰਿਹਾ ਸੀ। ਅਖੀਰ ਅੱਜ ਮੱਧ ਪ੍ਰਦੇਸ਼ ਵਿੱਚੋਂ ਵਿਕਾਸ ਦੂਬੇ ਦੀ ਗ੍ਰਿਫਤਾਰੀ ਹੋ ਗਈ ਹੈ।

 

ਵਿਕਾਸ ਦੂਬੇ ‘ਤੇ ਕਰੀਬ 40 ਮੁਕੱਦਮੇ ਦਰਜ ਸਨ। ਹੁਣ UP ਪੁਲਿਸ ਨੇ ਵਿਕਾਸ ਦੂਬੇ ਦੀ ਸੂਹ ਦੇਣ ਲਈ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਹੁਣ ਵਿਕਾਸ ਦੂਬੇ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਕਈ ਕੇਸਾਂ ਦਾ ਖੁਲਾਸਾ ਹੋਣ ਦਾ ਖਦਸ਼ਾ ਹੈ।