‘ਦ ਖ਼ਾਲਸ ਬਿਊਰੋ:- ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਬਾਰੇ ਬੋਲਦਿਆਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਪਰਿਵਾਰ ਦਾ ਕੋਈ ਮੈਂਬਰ ਨਿਰਾਸ਼ ਹੋ ਜਾਵੇ, ਤਾਂ ਪਰਿਵਾਰ ਦੇ ਮੁਖੀ ਦਾ ਫਰਜ਼ ਹੁੰਦਾ ਹੈ ਉਸਦਾ ਦੁੱਖ ਦਰਦ ਸੁਣਨਾ। ਪਰ ਜੇਕਰ ਉਸਦੀ ਗਲਦੀ ਜਾਂ ਸ਼ਿਕਾਇਤ ਬਦਲੇ ਜੇ ਉਸਨੂੰ ਘਰੋਂ ਕੱਢ ਦੇਈਏ ਤਾਂ ਇਸਨੂੰ ਗਲਤ ਕਿਹਾ ਜਾਵੇਗਾ।

 

ਉਹਨਾਂ ਕਿਹਾ ਕਿ ਗੁਰਪਤਵੰਤ ਸਿੰਘ ਪੰਨੂੰ ਵਰਗੇ ਕਿਉਂ ਇਸ ਰਸਤੇ ਤੇ ਤੁਰੇ ਹਨ, ਸਾਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਕਾਲੇ ਦੌਰ ਦੌਰਾਨ ਪੰਜਾਬੀਆਂ ਦਾ ਖੂਨ ਡੁੱਲ੍ਹਿਆ ਹੈ ਅਤੇ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਪੰਜਾਬ ਵਿੱਚ ਸਾਂਤੀ ਦਾ ਮਾਹੌਲ ਪੈਦਾ ਹੋਇਆ ਹੈ। ਉਹਨਾਂ ਕਿਹਾ ਕਿ ਪੰਨੂੰ ਵਰਗੇ ਲੋਕ ਜਿਸ ਰਸਤੇ ‘ਤੇ ਤੁਰੇ ਹਨ, ਉਨ੍ਹਾਂ ਦੀ ਬੈਠਕੇ ਗੱਲ ਜ਼ਰੂਰ ਸੁਣ ਲੈਣੀ ਚਾਹੀਦੀ ਹੈ। ਉਹ ਵੀ ਸਾਡੇ ਪਰਿਵਾਰ ਦੇ ਮੈਂਬਰ ਹਨ।

 

 

ਬੈਂਸ ਨੇ ਕਿਹਾ ਕਿ ਪੰਨੂੰ ਹੁਣਾਂ ਦੀ ਗੱਲ ਸੁਣ ਕੇ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਦੋਨਾਂ ਹੱਥਾਂ ਵਿੱਚ ਲੱਡੂ ਹਨ, ਇੱਕ ਪਾਸੇ ਤਾਂ ਅਕਾਲੀ ਦਲ ਕੇਂਦਰ ਵਿੱਚ ਵਜੀਰੀ ਭੋਗ ਰਿਹਾ ਅਤੇ ਦੂਸਰੇ ਪਾਸੇ ਪੰਨੂੰ ਹੁਣਾਂ ਨੂੰ ਕੇਂਦਰ ਵੱਲੋਂ ਬਲੈਕ ਲਿਸਟ ਕੀਤੇ ਜਾਣ ਵਾਲੇ ਫੈਸਲੇ ਦਾ ਵਿਰੋਧ ਕਰ ਰਿਹਾ ਹੈ। ਸੋ ਬਾਦਲ ਆਪਣੀ ਕੈਬਨਿਟ ਵਜੀਰੀ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥ-ਕੰਡੇ ਅਪਣਾ ਰਹੇ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।