ਚੰਡੀਗੜ੍ਹ- (ਪੁਨੀਤ ਕੌਰ) ਪੂਰੀ ਦੁਨੀਆ ਵਿੱਚ ਕੋਰੋਨਾਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਗਰੀਬ ਲੋਕਾਂ ਨੂੰ ਭੁੱਖੇ ਰਹਿਣਾ ਪੈ ਰਿਹਾ ਹੈ ਅਤੇ ਲੋਕਾਂ ਦੀ ਰੋਜ਼ੀ-ਰੋਟੀ ਖੁੱਸ ਗਈ ਹੈ,ਸਾਰੇ ਵਪਾਰ ਬੰਦ ਹੋ ਚੁੱਕੇ ਹਨ। ਕਰਫਿਊ ਦੌਰਾਨ ਹਰ ਕੋਈ ਘਰਾਂ ਵਿੱਚ ਬੈਠਣ ਨੂੰ ਮਜ਼ਬੂਰ ਹੈ। ਇਨ੍ਹਾਂ ਲੋੜਵੰਦਾਂ ਦੀ ਮਦਦ ਲਈ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਸਮੇਤ ਇਨਸਾਨੀਅਤ ਦਾ ਦਰਦ ਰੱਖਣ ਵਾਲਾ ਹਰ ਵਿਅਕਤੀ ਜੁਟਿਆ ਹੋਇਆ ਹੈ। ਪਰ ਹਿਦੂੰਤਵ ਏਜੰਡੇ ਦਾ ਪ੍ਰਚਾਰ ਕਰਨ ਵਾਲੇ ਆਪਣਾ ਹੀ ਰਾਗ ਅਲਾਪ ਰਹੇ ਹਨ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ 71 ਸਥਿਤ ਸਰਵਹਿਤਕਾਰੀ ਵਿਦਿਆ ਮੰਦਿਰ ਸਕੂਲ ਦੀ ਅਧਿਆਪਕਾ ਸ਼ੈਲਜਾ ਠਾਕੁਰ ਨੇ ਵਿਦਿਆਰਥੀਆਂ ਨੂੰ ਰਾਮਾਇਣ ਅਤੇ ਮਹਾਭਾਰਤ ਦੇ ਦੋਵੇਂ ਸੀਰੀਅਲ ਵੇਖਣ ਦਾ ਸੁਨੇਹਾ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਐਪੀਸੋਡ ਵਿੱਚ ਮੈਂ ਤੁਹਾਨੂੰ ਸਵਾਲ ਭੇਜਾਂਗੀ ਅਤੇ ਤੁਸੀਂ ਇਸਦੇ ਉੱਤਰ ਦਿਉਗੇ। ਉਨ੍ਹਾਂ ਕਿਹਾ ਕਿ ਇਹ ਸਮਾਂ ਬਿਤਾਉਣ ਦਾ ਇੱਕ ਵਧੀਆ ਤਰੀਕਾ ਹੋਵੇਗਾ। ਸ਼ੈਲਜਾ ਠਾਕੁਰ ਵੱਲੋਂ ਵਿਦਿਆਰਥੀਆਂ ਨੂੰ ਸੀਰੀਅਲ ਦਾ ਸਮਾਂ ਦੱਸਿਆ ਗਿਆ ਅਤੇ 28 ਮਾਰਚ ਨੂੰ ਪਹਿਲਾ ਐਪੀਸੋਡ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਰਾਮਾਇਣ ਪ੍ਰਸ਼ਨੋਤਰੀ ਦੇ ਨਾਲ-ਨਾਲ 10 ਪ੍ਰਸ਼ਨ ਵੀ ਭੇਜੇ ਗਏ। ਸ਼ੈਲਜਾ ਠਾਕੁਰ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਮੈਂ ਕਿਸੇ ਵੀ ਵਿਦਿਆਰਥੀ ਨੂੰ ਇਹ ਦੋਵੇਂ ਸੀਰੀਅਲ ਵੇਖਣ ਲਈ ਕੋਈ ਵੀ ਦਬਾਅ ਨਹੀਂ ਪਾਇਆ ਬਲਕਿ ਮੈਂ ਇਹ ਕਿਹਾ ਸੀ ਕਿ ਜੇ ਕਿਸੇ ਨੂੰ ਇਹ ਅਰਾਮਦਾਇਕ ਨਹੀਂ ਲੱਗਦਾ ਤਾਂ ਉਹ ਇਹ ਸੀਰੀਅਲ ਨਾ ਵੇਖਣ ਪਰ ਸਾਨੂੰ ਇਸ ਮੈਡਮ ਦੇ ਮਿਲੇ ਸੁਨੇਹਿਆਂ ਵਿੱਚ ਇਹ ਗੱਲ ਕਿਤੇ ਵੀ ਨਹੀਂ ਲੱਭੀ।

ਪੂਰਾ ਮੀਡੀਆ ਮਹਾਂਮਾਰੀ ਦੀਆਂ ਖਬਰਾਂ ਨਾਲ ਭਰਿਆ ਰਹਿੰਦਾ ਹੈ ਪਰ ਭਾਰਤ ਸਰਕਾਰ ਵੱਲੋਂ ਡੀਡੀ ਨੈਸ਼ਨਲ ਅਤੇ ਡੀਡੀ ਭਾਰਤੀ ਉੱਤੇ ਰਾਮਾਇਣ ਅਤੇ ਮਹਾਭਾਰਤ ਵੇਖਣ ਦਾ ਪ੍ਰਚਾਰ ਪੂਰੇ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਦਕਰ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਕੇ ਲੋਕਾਂ ਨੂੰ ਰਮਾਇਣ ਅਤੇ ਮਹਾਭਾਰਤ ਦੇ ਪ੍ਰਸਾਰਣ ਸਮੇਂ ਦੀ ਜਾਣਕਾਰੀ ਦਿੰਦਿਆਂ ਇਹ ਦੋਵੇਂ ਸੀਰੀਅਲ ਵੇਖਣ ਲਈ ਕਿਹਾ ਹੈ। ਇਸਦੇ ਨਾਲ ਉਨ੍ਹਾਂ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਜੇ ਤੁਹਾਡੇ ਟੀਵੀ ‘ਤੇ ਇਹ ਦੋਵੇਂ ਚੈਨਲ ਨਹੀਂ ਚੱਲਦੇ ਤਾਂ ਤੁਸੀਂ ਆਪਣੇ ਸਥਾਨਕ ਕੇਬਲ ਆਪਰੇਟਰ ਨਾਲ ਸੰਪਰਕ ਕਰੋ ਕਿਉਂਕਿ ਹਰ ਕਿਸੇ ਦੇ ਟੀਵੀ ‘ਤੇ ਇਹ ਦੋਵੇਂ ਚੈਨਲ ਚੱਲਣੇ ਜ਼ਰੂਰੀ ਹਨ। ਇਸਦਾ ਬਹੁਤ ਪ੍ਰਚਾਰ ਵੀ ਹੋਇਆ ਤੇ ਇਸ ਨਾਲ ਸੰਬੰਧਿਤ ਲੋਕਾਂ ਨੇ ਇਨ੍ਹਾਂ ਸੀਰੀਅਲ ਨੂੰ ਵੇਖਣਾ ਸ਼ੁਰੂ ਕਰ ਦਿੱਤਾ।