‘ਦ ਖਾਲਸ ਬਿਊਰੋ:- ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾਵਾਇਰਸ ਪੀੜਤ ਦੋ ਔਰਤਾਂ ਦੀ ਮੌਤ ਹੋ ਗਈ, ਜਿਸ ਨਾਲ ਸੂਬੇ ‘ਚ ਕੋਰੋਨਾਵਾਇਰਸ ਨੇ ਕੁੱਲ 7 ਜਣਿਆਂ ਦੀ ਜਾਨ ਲੈ ਲਈ ਹੈ।

ਸਿਹਤ ਵਿਭਾਗ ਦਾ ਦੱਸਣਾ ਹੈ ਕਿ ਇੱਕ ਮਹਿਲਾ ਦੀ ਮੌਤ ਲੁਧਿਆਣਾ ਦੇ ਇੱਕ ਪ੍ਰਾਇਵੇਟ ਹਸਪਤਾਲ ‘ਚ ਹੋਈ ਹੈ ਜਦੋਂ ਕਿ ਦੂਜੀ ਔਰਤ, ਜੋ ਪਠਾਨਕੋਟ ਦੀ ਰਹਿਣ ਵਾਲੀ ਸੀ, ਦੀ ਮੌਤ ਅੰਮ੍ਰਿਤਸਰ ਵਿੱਚ ਹੋਈ ਹੈ। ਇਸ ਤਰ੍ਹਾਂ ਸੂਬੇ ਵਿੱਚ ਹੁਣ ਤੱਕ ਕੁੱਲ 7 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾਵਾਇਰਸ ਦੇ ਕੇਸ ਇਸ ਵੇਲੇ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਹਨ ਤੇ ਸਿਹਤ ਵਿਭਾਗ ਮੁਤਾਬਕ ਅੱਜ ਬਰਨਾਲਾ ਜ਼ਿਲ੍ਹੇ ‘ਚ ਵੀ ਨਵਾਂ ਮਾਮਲਾ ਸਾਹਮਣੇ ਆਇਆ ਹੈ।

ਵਿਭਾਗ ਵੱਲੋਂ ਜਾਰੀ ਬੁਲੇਟਿਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੋ ਮਰੀਜ਼ਾਂ ਦੀ ਹਾਲਤ ਇਸ ਸਮੇਂ ਗੰਭੀਰ ਹੈ ਤੇ ਇੱਕ ਮਰੀਜ਼ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਪੰਜਾਬ ਲਈ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਬਰਨਾਲਾ, ਮੁਹਾਲੀ, ਪਠਾਨਕੋਟ ਅਤੇ ਫ਼ਰੀਦਕੋਟ ਵਿੱਚ ਪਿਛਲੇ 24 ਘੰਟਿਆਂ ਦੌਰਾਨ ਜਿਹੜੇ ਚਾਰ ਮਾਮਲੇ ਸਾਹਮਣੇ ਆਏ ਹਨ ਇਨ੍ਹਾਂ ਵਿਅਕਤੀਆਂ ਨੂੰ ਵਾਇਰਸ ਦੀ ਲਾਗ਼ ਲੱਗਣ ਦੇ ਬਾਰੇ ਵਿਭਾਗ ਨੂੰ ਪੁਖ਼ਤਾ ਜਾਣਕਾਰੀ ਹਾਸਲ ਨਹੀਂ ਹੋ ਸਕੀ। ਇਸ ਲਈ ਸਿਹਤ ਵਿਭਾਗ ਨੇ ਆਉਣ ਵਾਲੇ ਦਿਨਾਂ ਦੌਰਾਨ ਵਧੇਰੇ ਚੌਕਸੀ ਵਰਤਣ ਲਈ ਕਿਹਾ ਹੈ ਤੇ ਮਰੀਜ਼ਾਂ ਦੀ ਗਿਣਤੀ ਵਧਣ ਦਾ ਵੀ ਖ਼ਦਸ਼ਾ ਪ੍ਰਗਟਾਇਆ ਹੈ।

ਸਿਹਤ ਵਿਭਾਗ ਮੁਤਾਬਕ ਜਿਹੜੇ ਮਾਮਲੇ ਅੱਜ ਸਾਹਮਣੇ ਆਏ ਹਨ ਉਨ੍ਹਾਂ ਵਿੱਚ ਮੁਹਾਲੀ ਜ਼ਿਲ੍ਹੇ ਦੇ ਡੇਰਾਬਸੀ ਵਿੱਚ ਇੱਕ ਵਿਅਕਤੀ ਦੇ ਪੀੜਤ ਹੋਣ ਸਮੇਤ ਲੁਧਿਆਣਾ ‘ਚ ਤਬਲੀਗੀ ਜਮਾਤ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲਾ ਵਿਅਕਤੀ ਵੀ ਸ਼ਾਮਲ ਹੈ। ਮਹੱਤਵਪੂਰਨ ਤੱਥ ਇਹ ਹੈ ਕਿ ਸਿਹਤ ਵਿਭਾਗ ਨੂੰ ਹਾਲ ਦੀ ਘੜੀ 429 ਨਮੂਨਿਆਂ ਦੇ ਨਤੀਜਿਆਂ ਦਾ ਇੰਤਜ਼ਾਰ ਹੈ।

ਪੰਜਾਬ ਵਿੱਚ ਜ਼ਿਲ੍ਹਾਵਾਰ ਜੇਕਰ ਸਥਿਤੀ ਦੇਖੀ ਜਾਵੇ ਤਾਂ ਨਵਾਂ ਸ਼ਹਿਰ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਇਸ ਜ਼ਿਲ੍ਹੇ ਵਿੱਚ ਬਲਦੇਵ ਸਿੰਘ ਦੀ ਸਭ ਤੋਂ ਪਹਿਲਾਂ ਮੌਤ ਹੋਈ ਤੇ 19 ਮਾਮਲੇ ਸਾਹਮਣੇ ਆਏ ਹਨ। ਪਰ ਇਨ੍ਹਾਂ ਵਿੱਚੋਂ 1 ਠੀਕ ਹੋ ਚੁੱਕਿਆ ਹੈ। ਅਤੇ ਦੂਜੇ ਪਾਸੇ ਮੁਹਾਲੀ ਵਿੱਚ 15 ਮਾਮਲੇ ਸਾਹਮਣੇ ਆਏ ਸਨ ਇਨ੍ਹਾਂ ਵਿੱਚੋਂ 2 ਵਿਅਕਤੀਆਂ ਦੇ ਸਿਹਤਯਾਬ ਹੋਣ ਦੀ ਗੱਲ ਕਹੀ ਗਈ ਹੈ। ਹੁਸ਼ਿਆਰਪੁਰ ਵਿੱਚ ਕੁੱਲ 7 ਮਾਮਲੇ ਸਨ ਤੇ 1 ਠੀਕ ਹੋ ਗਿਆ ਹੈ। ਅੰਮ੍ਰਿਤਰ ਵਿੱਚ 8, ਜਲੰਧਰ ਵਿੱਚ 6,  ਲੁਧਿਆਣਾ ਵਿੱਚ 5, ਮਾਨਸਾ ਵਿੱਚ 3, ਪਟਿਆਲਾ ਵਿੱਚ 1, ਰੋਪੜ ਵਿੱਚ 1, ਫ਼ਰੀਦਕੋਟ ਵਿੱਚ 1, ਪਠਾਨਕੋਟ ਵਿੱਚ 1 ਅਤੇ ਬਰਨਾਲਾ ਵਿੱਚ ਇੱਕ ਮਾਮਲਾ ਸਾਹਮਣੇ ਆ ਚੁੱਕਾ ਹੈ।

ਸੁਜਾਨਪੁਰ ਦੀ ਕਰੋਨਾ ਪੀੜਤ ਔਰਤ ਦੀ ਅੰਮ੍ਰਿਤਸਰ ’ਚ ਮੌਤ ਹੋਈ, ਪਠਾਨਕੋਟ ਜ਼ਿਲ੍ਹਾ ਦੇ ਸੁਜਾਨਪੁਰ ਦੀ ਕਰੋਨਾ ਤੋਂ ਪੀੜਤ ਔਰਤ ਰਾਜ ਰਾਨੀ (75), ਦੀ ਐਤਵਾਰ ਸ਼ਾਮ ਨੂੰ ਮੌਤ ਹੋ ਗਈ ਹੈ। ਉਸ ਨੂੰ ਸ਼ਨਿਚਰਵਾਰ ਨੂੰ ਇਥੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠਲੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਲਈ ਤਬਦੀਲ ਕੀਤਾ ਗਿਆ ਸੀ। ਸਿਵਲ ਸਰਜਨ ਡਾਕਟਰ ਪ੍ਰਭਦੀਪ ਕੌਰ ਜੌਹਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੋਏ ਨਵੇਂ ਕੋਰੋਨਾ ਪੀੜਤ ਮਰੀਜ਼ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਇਹ ਮਰੀਜ਼ ਚਾਟੀਵਿੰਡ ਗੇਟ ਇਲਾਕੇ ਦਾ ਵਾਸੀ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਸ ਮਰੀਜ਼ ਦੇ ਘਰ ਅਤੇ ਇਲਾਕੇ ਵਿੱਚ ਉਸ ਦੇ ਸੰਪਰਕ ਵਾਲੇ ਵਿਅਕਤੀਆਂ ਦਾ ਪਤਾ ਲਾਇਆ ਜਾ ਰਿਹਾ ਹੈ।