‘ਦ ਖ਼ਾਲਸ ਬਿਊਰੋ :- ਸ਼ਨਿੱਚਰਵਾਰ ਦਾ ਦਿਨ ਪਟਿਆਲਾ ਵਾਸੀਆਂ ਲਈ ਚਿੰਤਾ ਵਾਲਾ ਰਿਹਾ । ਇਥੇ ਅੱਜ ਇੱਕ ਹੀ ਦਿਨ ਵਿੱਚ 15 ਵਿਅਕਤੀਆਂ ਦੀਆਂ ਕੋਰੋਨਾਵਾਇਰਸ ਸਬੰਧੀ ਰਿਪੋਰਟਾਂ ਪਾਜ਼ੀਟਿਵ ਆਈਆਂ। ਇਹ 15 ਜਣੇ ਤਿੰਨ ਪਰਿਵਾਰਾਂ ਦੇ ਮੈਂਬਰ ਹਨ, ਜਿਨ੍ਹਾਂ ਵਿਚੋਂ ਨੌਂ ਜਣੇ ਪਟਿਆਲਾ ਸ਼ਹਿਰ ਨਾਲ ਸਬੰਧਤ ਦੋ ਪਰਿਵਾਰਾਂ ਦੇ ਮੈਂਬਰ ਹਨ ਅਤੇ ਇਨ੍ਹਾਂ ਦੇ ਘਰ ਪਹਿਲਾਂ ਹੀ ਕੋਰੋਨਾ ਪਾਜ਼ੀਟਿਵ ਆ ਚੁੱਕੇ ‘ਕਿਤਾਬ ਮਹਿਲ’ ਦੇ ਮਾਲਕ ਦੇ ਘਰ ਦੇ ਨੇੜੇ ਹਨ । ਇੱਕ ਪਰਿਵਾਰ ਤਾਂ ਪੁਸਤਕ ਵਿਕਰੇਤਾ ਦਾ ਰਿਸ਼ਤੇਦਾਰ ਹੀ ਹੈ। ਤਿੰਨਾਂ ਪਰਿਵਾਰਾਂ ਦਾ ਆਪਸ ’ਚ ਚੰਗਾ ਮੇਲ-ਜੋਲ ਹੈ। ਸਿਹਤ ਵਿਭਾਗ ਨੇ ਇਨ੍ਹਾਂ ਦੀ ਰਿਹਾਇਸ਼ ਵਾਲਾ ਇਲਾਕਾ ਵੀ ਸੀਲ ਕੀਤਾ ਹੋਇਆ ਹੈ ਤੇ ਇਥੇ ਸਥਿਤ ਨੈਸ਼ਨਲ ਸਕੂਲ ਵਿੱਚ ਆਰਜ਼ੀ ਡਿਸਪੈਂਸਰੀ ਸਥਾਪਤ ਕਰ ਦਿੱਤੀ ਹੈ। ਇਲਾਕੇ ਦੇ ਲੋਕਾਂ ਨੂੰ ਕੋਰੋਨਾ ਦੇ ਲੱਛਣ ਪਾਏ ਜਾਣ ’ਤੇ ਡਿਸਪੈਂਸਰੀ ’ਚ ਸੰਪਰਕ ਕਰਨ ਲਈ ਆਖਿਆ ਗਿਆ ਹੈ ।

ਉਧਰ 6 ਹੋਰ ਮਰੀਜ਼ ਪੁਰਾਣੀ ਅਨਾਜ ਮੰਡੀ ਰਾਜਪੁਰਾ ਤੋਂ ਹਨ ਜੋ ਕੱਲ੍ਹ ਪਾਜ਼ੀਟਿਵ ਆਈ 56 ਸਾਲਾ ਮਹਿਲਾਂ ਦੇ ਪਰਿਵਾਰਕ ਮੈਂਬਰ ਹਨ ਜਿਨ੍ਹਾਂ ਵਿੱਚ ਢਾਈ ਸਾਲਾਂ ਦਾ ਬੱਚਾ ਵੀ ਸ਼ਾਮਲ ਹੈ। ਬਾਕੀਆਂ ਵਿੱਚ ਇਸ ਮਹਿਲਾਂ ਦੇ ਦੋ ਲੜਕੇ, ਇੱਕ ਨੂੰਹ ਅਤੇ ਇੱਕ ਧੀ ਸਣੇ ਇੱਕ ਹੋਰ ਮੈਂਬਰ ਸ਼ਾਮਲ ਹਨ । ਇਨ੍ਹਾਂ 15 ਜਣਿਆਂ ਦੀਆਂ ਰਿਪੋਰਟਾਂ ਪਟਿਆਲਾ ਦੀ ਲੈਬ ਵਿਚੋਂ ਸ਼ਨਿੱਚਰਵਾਰ ਸ਼ਾਮੀਂ ਆਈਆਂ। ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦਾ ਕਹਿਣਾ ਸੀ ਕਿ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਵੀ ਰਾਜਿੰਦਰਾ ਹਸਪਤਾਲ ਵਿਚਲੀ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕਰ ਲਿਆ ਗਿਆ ਹੈ ਤੇ ਇਨ੍ਹਾਂ ਦੇ ਸੰਪਰਕ ’ਚ ਰਹੇ ਵਿਅਕਤੀਆਂ ਦਾ ਪਤਾ ਲਾ ਕੇ ਉਨ੍ਹਾਂ ਦੀ ਸਕਰੀਨਿੰਗ ਕੀਤੀ ਜਾਵੇਗੀ ।

ਜ਼ਿਕਰਯੋਗ ਹੈ ਕਿ ਪਟਿਆਲਾ ਸ਼ਹਿਰ ’ਚ ਪਹਿਲਾਂ ਭਾਵੇਂ ਦੋ ਹੀ ਮਰੀਜ਼ ਸਨ ਪਰ ਚਾਰ ਦਿਨ ਪਹਿਲਾਂ ਰਾਸ਼ਨ ਵੰਡਣ ਵਾਲੇ ਸਮਾਜ ਸੇਵੀ ਤੇ ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਉਸ ਦੇ ਸੰਪਰਕ ’ਚ ਰਹੇ ਪੁਸਤਕ ਵਿਕਰੇਤਾ ਦਾ ਟੈਸਟ ਕੀਤਾ ਗਿਆ ਸੀ। ਉਸ ਦਾ ਟੈਸਟ ਪਾਜ਼ੀਟਿਵ ਆਉਣ ਤੇ ਤਿੰਨ ਪਰਿਵਾਰਕ ਮੈਂਬਰ ਵੀ ਪਾਜ਼ੀਟਿਵ ਪਾਏ ਗਏ ਜਿਸ ਮਗਰੋਂ ਹੀ ਉਸ ਦੇ ਗੁਆਂਢੀ ਦੋ ਪਰਿਵਾਰਾਂ ਦੇ ਨੌਂ ਜਣਿਆਂ ਦੇ ਟੈਸਟ ਕੀਤੇ ਗਏ ਜੋ ਅੱਜ ਪਾਜ਼ੀਟਿਵ ਪਾਏ ਗਏ। ਸਿਵਲ ਸਰਜਨ ਦਾ ਕਹਿਣਾ ਸੀ ਕਿ 237 ਟੀਮਾਂ ਨੇ ਅੱਜ ਸ਼ਹਿਰ ਦੇ 96,996 ਦੀ ਸਕਰੀਨਿੰਗ ਕੀਤੀ ਜਦਕਿ ਇੱਕ ਲੱਖ ਲੋਕਾਂ ਦੀ ਪਹਿਲਾਂ ਹੀ ਜਾਂਚ ਹੋ ਚੁੱਕੀ ਹੈ।