‘ਦ ਖ਼ਾਲਸ ਬਿਊਰੋ:- ਦੁਨੀਆ ਦੇ ਲੱਗਭੱਗ ਹਰ ਖੇਤਰ ਵਿੱਚ ਪੰਜਾਬੀਆਂ ਨੇ ਮੱਲਾਂ ਮਾਰੀਆਂ ਹਨ। ਹੁਣੇ ਆਈ ਖ਼ਬਰ ਮੁਤਾਬਿਕ ਨਿਊਜ਼ੀਲੈਂਡ ਵਿੱਚ ਇੱਕ ਗੁਰਸਿੱਖ ਵਿਅਕਤੀ ਨੂੰ ‘ਜਸਟਿਸ ਆਫ਼ ਪੀਸ’ ਦੇ ਅਹੁਦੇ ਉੱਤੇ ਸਥਾਪਿਤ ਕੀਤਾ ਗਿਆ ਹੈ।

ਕਰਮਜੀਤ ਸਿੰਘ ਤਲਵਾੜ ਨਾਂ ਦੇ ਇਸ ਗੁਰਸਿੱਖ ਨੌਜਵਾਨ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਨਾਰਥ ਸ਼ੌਰ ਇਲਾਕੇ ‘ਚ ਉੱਥੋਂ ਦੀ ਜਿਲ੍ਹਾ ਅਦਾਲਤ ਵਿੱਚ ਬਤੌਰ ‘ਜਸਟਿਸ ਆਫ਼ ਪੀਸ’ (JP) ਨਿਯੁਕਤ ਕੀਤਾ ਗਿਆ ਹੈ। ਉਹ 2010 ਤੋਂ ਨਿਊਜ਼ੀਲੈਂਡ ਸਕੂਲ ਬੋਰਡ ਦੇ ਲਗਾਤਾਰ ਤੀਸਰੀ ਵਾਰ ਟਰੱਸਟੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। 42 ਸਾਲਾ ਕਰਮਜੀਤ ਸਿੰਘ ਤਲਵਾੜ ਦੇ ਬਤੌਰ ਜਸਟਿਸ ਆਫ਼ ਪੀਸ ਕਾਰਜਸ਼ੀਲ ਹੋਣ ‘ਤੇ ਲੋਕਾਂ ਦੇ ਕਾਨੂੰਨੀ ਕਾਗਜਾਤ, ਸਰਟੀਫਿਕੇਟ ਅਤੇ ਹਲਫੀਆ ਬਿਆਨ ਆਦਿ ਤਸਦੀਕ ਕਰਨ ਦੀਆਂ ਸੇਵਾਵਾਂ ਦੇਣਗੇ।

ਕਰਮਜੀਤ ਸਿੰਘ ਤਲਵਾੜ ਪਹਿਲੇ ਪੰਜਾਬੀ ਹਨ, ਜਿੰਨ੍ਹਾਂ ਨੂੰ ਆਕਲੈਂਡ ਦੇ ਇਸ ਇਲਾਕੇ ਵਿੱਚ ਬਤੌਰ ‘ਜਸਟਿਸ ਆਫ਼ ਪੀਸ’ ਦੇ ਅਹੁਦੇ ਦੀ ਸਹੁੰ ਚੁਕਾਈ ਗਈ ਹੈ।