ਚੰਡੀਗੜ੍ਹ- (ਪੁਨੀਤ ਕੌਰ) ਉੱਘੇ ਪੱਤਰਕਾਰ ਤੇ ਨੇੜਿਉਂ ਡਿਠੇ ਸੰਤ ਭਿੰਡਰਾਂਵਾਲੇ ਕਿਤਾਬ ਦੇ ਲੇਖਕ ਦਲਬੀਰ ਸਿੰਘ ਗੰਨਾ ਦਾ ਕੱਲ੍ਹ ਸ਼ਾਮ ਦਿਹਾਂਤ ਹੋ ਗਿਆ ਹੈ ਜਿਸ ਤੋਂ ਬਾਅਦ ਸਿੱਖ ਜਗਤ ਵਿੱਚ ਸੋਗ ਦੀ ਲਹਿਰ ਹੈ। ਨਵੰਬਰ 1977 ਵਿੱਚ ਉਹ ਪਹਿਲੀ ਵਾਰ ਅੰਮ੍ਰਿਤਸਰ ਵਿੱਚ ਬਤੌਰ ਪੱਤਰਕਾਰ ਆਏ।

                       

ਖਾਲੜਾ ਮਿਸ਼ਨ ਸੰਸਥਾ ਵੱਲੋਂ ਇੱਕ ਜਾਣਕਾਰੀ ਮੁਤਾਬਿਕ, ਦਲਬੀਰ ਸਿੰਘ 1978 ਵਿੱਚ ਹੋਏ 13 ਸਿੱਖਾਂ ਦੇ ਕਤਲੇਆਮ ਤੋਂ ਬਾਅਦ ਸੰਤ ਭਿੰਡਰਾਂਵਾਲੇ ਨਾਲ ਜੁੜ ਗਏ ਸੀ ਤੇ ਆਪਣੇ ਆਖਰੀ ਸਾਹ ਤੱਕ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਦੇ ਰਹੇ। ਉਨ੍ਹਾਂ ਨੇ ਆਪਣੀ ਕਿਤਾਬ ਨੇੜਿਉਂ ਡਿਠੇ ਸੰਤ ਭਿੰਡਰਾਂਵਾਲੇਵਿੱਚ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਬਾਰੇ ਆਪਣੇ ਤਜ਼ਰਬਿਆਂ ਨੂੰ ਲਿਖਿਆ ਸੀ।

1984 ਦਾ ਸਾਕਾ ਉਨ੍ਹਾਂ ਨੇ ਆਪਣੀ ਅੱਖੀਂ ਵੇਖਿਆ ਸੀ। ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਦਲਬੀਰ ਸਿੰਘ ਗੰਨਾ ਸਿੱਖ ਰਾਜਨੀਤੀ ਦੀ ਪ੍ਰਭਾਵਸ਼ਾਲੀ ਵਿਚਾਰਧਾਰਕ ਸ਼ਖਸੀਅਤਾਂ ਵਿੱਚੋਂ ਇੱਕ ਮੰਨੇ ਜਾਂਦੇ ਸੀ। ਧੁੰਧੂਕਾਰੇ ਚੋਂ ਚਾਨਣ ਦੀ ਖੋਜਉਨ੍ਹਾਂ ਦੀ ਇੱਕ ਹੋਰ ਕਿਤਾਬ ਸੀ।

ਉਹ ਪੰਜਾਬ ਦੇ ਫਿਲੌਰ ਨੇੜੇ ਆਪਣੇ ਜੱਦੀ ਪਿੰਡ ਗੰਨਾ ਵਿੱਚ ਰਹਿ ਰਹੇ ਸੀ,ਜਿੱਥੇ ਉਨ੍ਹਾਂ ਨੇ  ਆਪਣੇ ਆਖਰੀ ਸਾਹ ਲਏ। ਸਰਦਾਰ ਦਲਬੀਰ ਸਿੰਘ ਗੰਨਾ ਨੂੰ ਯਾਦ ਕਰਦਿਆਂ ਪੱਤਰਕਾਰ ਭਾਈਚਾਰੇ ਦੇ ਸਿੱਖ ਚਿੰਤਕਾਂ ਅਤੇ ਆਮ ਸਿੱਖਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਯਾਦ ਵਿੱਚ ਕੁੱਝ ਸ਼ਬਦ ਲਿਖ ਕੇ ਸੋਗ ਪ੍ਰਗਟ ਕੀਤਾ ਜਾ ਰਿਹਾ ਹੈ।