‘ਦ ਖ਼ਾਲਸ ਬਿਊਰੋ :- ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਖੁਲਾਸਾ ਕੀਤਾ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਕਰਤਾਰਪੁਰ ਵਿਖੇ ਦੋ ਹਿੱਸਿਆਂ ਵਿੱਚ ਵੰਡੇ ਜਾਣ ਮਗਰੋਂ ਇਸ ਦਾ ਇੱਕ ਹਿੱਸਾ ਅੰਮ੍ਰਿਤਸਰ ਵਿੱਚ ਦੀ ਹੋ ਕੇ ਲੰਘੇਗਾ ਜਦਕਿ ਦੂਜਾ ਹਿੱਸਾ ਗੁਰਦਾਸਪੁਰ ਵਿਚੋਂ ਦੀ ਹੋ ਕੇ ਕਟੜਾ ਜਾਵੇਗਾ।

ਇਸ ਬਾਰੇ ਖੁਲਾਸਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਵਿਕਾਸ ਮੰਚ ਅਤੇ ਕੁੱਝ ਹੋਰ ਸਮਾਜ ਸੇਵੀ ਸੰਗਠਨਾਂ ਵੱਲੋਂ ਹਾਲ ਹੀ ਵਿੱਚ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਇਹ ਐਕਸਪ੍ਰੈਸਵੇਅ ਅੰਮ੍ਰਿਤਸਰ ਵਿਚੋਂ ਦੀ ਹੋ ਕੇ ਨਹੀਂ ਲੰਘ ਰਿਹਾ ਹੈ ਅਤੇ ਉਹ ਕਾਫੀ ਚੁਕੰਨੇ ਹੋ ਗਏ ਸਨ। ਉਹਨਾਂ ਕਿਹਾ ਕਿ ਮੈਂ ਇਹ ਮਾਮਲਾ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਕੋਲ ਉਠਾਇਆ ਸੀ ਅਤੇ ਉਹਨਾਂ ਮੈਨੂਂੰ ਦੱਸਿਆ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹ ਐਕਸਪ੍ਰੈਸਵੇਅ ਸਿਰਫ਼ ਇਸ ਪਵਿੱਤਰ ਸ਼ਹਿਰ ਵਿਚੋਂ ਦੀ ਹੀ ਹੋ ਕੇ ਨਹੀਂ ਲੰਘੇਗਾ, ਸਗੋਂ ਇਸ ਨੂੰ ਰਾਜਾ ਸਾਂਸੀ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਵੀ ਜੋੜਿਆ ਜਾਵੇਗਾ।

ਹੋਰ ਜਾਣਕਾਰੀ ਦਿੰਦਿਆਂ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਐਕਸਪ੍ਰੈਸਵੇਅ ਦੇ ਕਰਤਾਰਪੁਰ ਵਿਖੇ ਦੋ ਹਿੱਸੇ ਹੋ ਜਾਣਗੇ। ਅੰਮ੍ਰਿਤਸਰ ਜਾਣ ਵਾਲਾ ਸੈਕਸ਼ਨ 50 ਕਿਲੋਮੀਟਰ ਤੱਕ ਮੌਜੂਦਾ ਹਾਈਵੇਅ ਦਾ ਇਸਤੇਮਾਲ ਕਰੇਗਾ, ਜਿਸ ਦੇ ਦੋਵੇਂ ਪਾਸੇ ਸੜਕਾਂ ਬਣਾ ਕੇ ਇਸ ਨੂੰ ਐਕਸਪ੍ਰੈਸ ਵੇਅ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਐਕਸਪ੍ਰੈਸਵੇਅ ਨੂੰ ਰਾਜਾ ਸਾਂਸੀ ਹਵਾਈ ਅੱਡੇ ਨਾਲ ਜੋੜਣ ਲਈ ਇੱਕ ਨਵੀਂ 30 ਕਿਲੋਮੀਟਰ ਲੰਬੀ ਸੜਕ ਬਣਾਈ ਜਾਵੇਗੀ। ਉਹਨਾਂ ਦੱਸਿਆ ਕਿ ਦੂਜਾ ਸੈਕਸ਼ਨ 65 ਕਿਲੋਮੀਟਰ ਲੰਬਾ ਹੋਵੇਗਾ, ਜੋ ਕਿ ਐਕਸਪ੍ਰੈਸਵੇਅ ਨੂੰ ਕਰਤਾਰਪੁਰ ਤੋਂ ਗੁਰਦਾਸਪੁਰ ਲੈ ਕੇ ਜਾਵੇਗਾ ਅਤੇ ਇੱਥੋਂ ਇਸ ਨੂੰ ਕਟੜਾ ਜਾਣ ਵਾਲੇ 180 ਕਿਲੋਮੀਟਰ ਲੰਬੇ ਨੈਸ਼ਨਲ ਹਾਈਵੇਅ 44 ਨਾਲ ਜੋੜ ਦਿੱਤਾ ਜਾਵੇਗਾ।

ਬੀਬਾ ਬਾਦਲ ਨੇ ਦੱਸਿਆ ਕਿ ਇਹ ਐਕਸਪ੍ਰੈਸਵੇਅ ਹਰਿਆਣਾ ਦੇ ਜੱਸਰ ਖੇੜੀ ਤੋਂ ਸ਼ੁਰੂ ਹੋ ਕੇ ਘਨਾ-ਕਾਲਾਇਤ ਵਿਚੋਂ ਦੀ ਗੁਜ਼ਰਦਾ ਹੋਇਆ ਪਾਤੜਾਂ ਨੇੜੇ ਪੰਜਾਬ ਵਿੱਚ ਦਾਖ਼ਲ ਹੁੰਦਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਇਹ ਭਵਾਨੀਗੜ ਅਤੇ ਨਕੋਦਰ ਵਿੱਚ ਦੀ ਨਿਕਲਦਾ ਹੋਇਆ ਕਰਤਾਰਪੁਰ ਜਾਵੇਗਾ ਅਤੇ ਫਿਰ ਇਸ ਦੇ ਦੋ ਹਿੱਸੇ ਹੋ ਜਾਣਗੇ, ਜਿਹਨਾਂ ਵਿਚੋਂ ਇੱਕ ਅੰਮ੍ਰਿਤਸਰ ਵਿਚ ਦੀ ਅਤੇ ਦੂਜਾ ਗੁਰਦਾਸਪੁਰ ਵਿੱਚ ਦੀ ਲੰਘੇਗਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਐਕਸਪ੍ਰੈਸਵੇਅ ਦੀ ਕੁੱਲ ਲੰਬਾਈ 658 ਕਿਲੋਮੀਟਰ ਹੋਵੇਗੀ ਅਤੇ ਇਸ ਦੇ ਨਿਰਮਾਣ ਉੱਤੇ 30 ਹਜ਼ਾਰ ਕਰੋੜ ਰੁਪਏ ਦਾ ਖਰਚਾ ਆਵੇਗਾ। ਉਹਨਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਪਹਿਲਾ ਪੜਾਅ ਮੌਜੂਦਾ ਵਿੱਤੀ ਸਾਲ ਦੌਰਾਨ ਤਿਆਰ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਹੈ।

Leave a Reply

Your email address will not be published. Required fields are marked *