India

ਤਿੰਨ ਦਿਨ ਪਹਿਲਾਂ ਮਾਂ ਦੀ ਮੌਤ ਹੋਈ- ਮਾਂ ਦੇ ਪਿੱਛੇ ਪੁੱਤਰ ਵੀ ਚੱਲ ਵਸਿਆ

‘ਦ ਖ਼ਾਲਸ ਬਿਊਰੋ :- ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਦਾ ਅੱਜ ਕੋਕਿਲਾਬੇਨ ਹਸਪਤਾਲ ’ਚ ਦੇਹਾਂਤ ਹੋ ਗਿਆ। ਇਰਫ਼ਾਨ ਖ਼ਾਨ ਨੂੰ ਕੱਲ੍ਹ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਆਈਸੀਯੂ ‘ਚ ਭਰਤੀ ਕਰਵਾਇਆ ਗਿਆ ਸੀ ਤੇ ਅੱਜ ਦੂਸਰੇ ਦਿਨ ਹੀ ਉਨ੍ਹਾਂ ਦੀ ਮੌਤ ਹੋ ਗਈ। ਦੁਖਦਾਇਕ ਇਹ ਵੀ ਰਿਹਾ ਕਿ ਤਿੰਨ ਦਿਨ ਪਹਿਲਾਂ ਇਰਫਾਨ ਦੀ ਮਾਂ ਸਇਦਾ ਬੇਗਮ ਦੀ ਰਾਜਸਥਾਨ ਦੇ ਜੈਪੁਰ ‘ਚ ਮੌਤ ਹੋਈ ਸੀ ਪਰ ਲਾਕਡਾਊਨ ਹੋਣ ਕਾਰਨ ਇਰਫਾਨ ਖ਼ਾਨ ਆਪਣੀ ਮਾਂ ਦੀ ਅੰਤਿਮ ਰਸਮਾਂ ‘ਚ ਸ਼ਾਮਿਲ ਨਹੀਂ ਹੋ ਸਕੇ, 54 ਸਾਲਾਂ ਦੇ ਇਰਫ਼ਾਨ ਪਿਛਲੇ ਕੁੱਝ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਇਸ ਖ਼ਬਰ ਨਾਲ ਸਮੁੱਚਾ ਬਾਲੀਵੁੱਡ ਸੋਗ ਮਨਾ ਰਿਹਾ ਹੈ। ਹਰੇਕ ਵੱਡੇ ਤੇ ਛੋਟੇ ਅਦਾਕਾਰ ਵੱਲੋਂ ਅਫ਼ਸੋਸ ਪ੍ਰਗਟਾਇਆ ਜਾ ਰਿਹਾ ਹੈ। ਕਈ ਸਿਆਸੀ ਆਗੂਆਂ ਦੇ ਸ਼ੋਕ–ਸੁਨੇਹੇ ਵੀ ਆਉਣੇ ਸ਼ੁਰੂ ਹੋ ਗਏ ਹਨ।

ਇਰਫ਼ਾਨ ਖ਼ਾਨ ਦਾ ਜਨਮ ਰਾਜਸਥਾਨ ਸੂਬੇ ਦੀ ਰਾਜਧਾਨੀ ਜੈਪੁਰ ’ਚ ਇੱਕ ਮੁਸਲਿਮ ਪਸ਼ਤੂਨ ਖਾਨਦਾਨ ’ਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਟੌਂਕ ਜ਼ਿਲ੍ਹੇ ਨਾਲ ਸਬੰਧਤ ਰਿਹਾ ਹੈ। ਇਰਫ਼ਾਨ ਦਾ ਫ਼ਿਲਮੀ ਕਰੀਅਰ ਲਗਭਗ 30 ਸਾਲ ਚੱਲਦਾ ਰਿਹਾ। ਉਨ੍ਹਾਂ ਆਪਣੀ ਵਧੀਆ ਅਦਾਕਾਰੀ ਦੇ ਦਮ ’ਤੇ ਬਹੁਤ ਸਾਰੇ ਪੁਰਸਕਾਰ ਜਿੱਤੇ, ਜਿਨ੍ਹਾਂ ਵਿੱਚ ਰਾਸ਼ਟਰੀ ਫ਼ਿਲਮ ਪੁਰਸਕਾਰ ਤੇ ਫ਼ਿਲਮਫ਼ੇਅਰ ਪੁਰਸਕਾਰ ਸ਼ਾਮਿਲ ਹਨ।

ਇਰਫ਼ਾਨ ਖ਼ਾਨ ਬਾਲੀਵੁੱਡ ਤੇ ਹਾਲੀਵੁੱਡ ਦੇ ਇੱਕ ਸੁਲਝੇ ਹੋਏ ਕਲਾਕਾਰਾਂ ਵਿੱਚੋਂ ਇੱਕ ਮੰਨੇ ਜਾਂਦੇ ਸੀ। ਉਨ੍ਹਾਂ ਨੂੰ ਪਦਮਸ਼੍ਰੀ ਐਵਾਰਡ ਵੀ ਮਿਲਿਆ ਸੀ। ਉਨ੍ਹਾਂ ਦਾ ਫ਼ਿਲਮੀ ਕਰੀਅਰ 1988 ’ਚ ਫ਼ਿਲਮ ‘ਸਲਾਮ ਬੌਂਬੇ’ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਆਪਣੀ ਚਰਚਿਤ ਫ਼ਿਲਮਾਂ ‘ਹਾਸਿਲ’ (2003) ਅਤੇ ‘ਮਕਬੂਲ’ (2004) ਲਈ ਬਹਿਤਰੀਨ ਖਲਨਾਇਕ ਵਜੋਂ ਫ਼ਿਲਮਫ਼ੇਅਰ ਪੁਰਸਕਾਰ ਜਿੱਤਿਆ ਸੀ। 2007 ‘ਚ ਆਈ ਫ਼ਿਲਮ ‘ਲਾਈਫ਼ ਇਨ ਏ … ਮੈਟਰੋ’ ਇਰਫ਼ਾਨ ਖ਼ਾਨ ਦੇ ਕਰੀਅਰ ਲਈ ਵੱਡਾ ਮੋੜ ਸਿੱਧ ਹੋਈ ਸੀ। ਉਸ ਫ਼ਿਲਮ ਨੂੰ ਅਨੇਕ ਪੁਰਸਕਾਰ ਮਿਲੇ ਤੇ ਉਨ੍ਹਾਂ ਨੂੰ ਇਸ ਫ਼ਿਲਮ ਲਈ ਬਹਿਤਰੀਨ ਸਹਾਇਕ ਅਦਾਕਾਰ ਦਾ ਅਵਾਰਡ ਮਿਲਿਆ ਸੀ। ਸਾਲ 2008 ਦੀ ਫ਼ਿਲਮ ‘ਸਲੱਮਡੌਗ ਮਿਲੀਅਨੀਅਰ’, ‘ਜਿਊਰਾਸਿਕ ਵਰਲਡ’ (2015) ਅਤੇ ‘ਇਨਫ਼ਰਨੋ’ (2016), ਇਰਫ਼ਾਨ ਖ਼ਾਨ ਦੀਆਂ ਚਰਚਿਤ ਫ਼ਿਲਮਾਂ ਰਹੀਆਂ।

ਫ਼ਿਲਮ ‘ਪਾਨ ਸਿੰਘ ਤੋਮਰ’ ਲਈ 2011 ਦਾ ਬਹਿਤਰੀਨ ਅਦਾਕਾਰ ਦਾ ਪੁਰਸਕਾਰ ਮਿਲਿਆ ਸੀ। ਫ਼ਿਲਮ ‘ਹੈਦਰ’ (2014), ਗੁੰਡੇ (2014) ਅਤੇ ‘ਪੀਕੂ’ (2015), ‘ਤਲਵਾਰ’ (2015) ਉਨ੍ਹਾਂ ਦੀਆਂ ਯਾਦਗਾਰੀ ਫ਼ਿਲਮਾਂ ਹਨ। ਸਾਲ 2017 ’ਚ ਆਈ ਫ਼ਿਲਮ ‘ਹਿੰਦੀ ਮੀਡੀਅਮ’ ਭਾਰਤ ਹੀ ਨਹੀਂ, ਚੀਨ ਵਿੱਚ ਵੀ ਬਹੁਤ ਮਕਬੂਲ ਹੋਈ ਸੀ। ਇਸ ਸਾਲ 2020 ਦੀ ਇਰਫਾਨ ਖ਼ਾਨ ਦੀ ਆਖ਼ਰੀ ਤੇ ਬਹਿਤਰੀਨ ਫ਼ਿਲਮ ਅੰਗਰੇਜ਼ੀ ਮੀਡੀਅਮ ਰਹੀ।