ਚੰਡੀਗੜ੍ਹ- (ਪੁਨੀਤ ਕੌਰ) ਅੱਜ ਸਮੁੱਚਾ ਵਿਸ਼ਵ ਕੋਰੋਨਾਵਾਇਰਸ ਦੀ ਮਹਾਂਮਾਰੀ ਦੀ ਲਪੇਟ ਵਿੱਚ ਆਇਆ ਹੋਇਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੰਸਾਰ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਇਸ ਬਿਮਾਰੀ ਪ੍ਰਤੀ ਸੁਚੇਤ,ਸਾਵਧਾਨ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੀਡੀਆ ਦਾ ਕੁੱਝ ਹਿੱਸਾ ਸਾਨੂੰ ਇਸ ਬਿਮਾਰੀ ਤੋਂ ਸਾਵਧਾਨ,ਜਾਗਰੂਕ ਕਰ ਰਿਹਾ ਹੈ ਪਰ ਮੀਡੀਆ ਦਾ ਕੁੱਝ ਹਿੱਸਾ ਅਜਿਹਾ ਵੀ ਹੈ ਜੋ ਸਾਨੂੰ ਇਸ ਬਿਮਾਰੀ ਤੋਂ ਡਰਾ ਰਿਹਾ ਹੈ। ਇਸ ਲਈ ਅਸੀਂ ਅਜਿਹੇ ਮੀਡੀਆ ਦੀ ਗੱਲ ਸੁਣ ਕੇ ਨਾ ਤਾਂ ਆਪ ਡਰਨਾ ਹੈ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਡਰਾਉਣਾ ਹੈ। ਸਿਹਤ ਵਿਭਾਗ ਵੱਲੋਂ ਦੱਸੀਆਂ ਗਈਆਂ ਸਾਵਧਾਨੀਆਂ ਜ਼ਰੂਰ ਵਰਤਣੀਆਂ ਹਨ। ਸਾਨੂੰ ਇਸ ਬਿਮਾਰੀ ਦੀ ਵਾਰ-ਵਾਰ ਚਰਚਾ ਕਰਨ ਦੀ ਬਜਾਏ ਆਪਣੇ ਪਰਿਵਾਰ ਸਮੇਤ ਅਕਾਲ ਪੁਰਖ ਨੂੰ ਧਿਆਉਣਾ ਚਾਹੀਦਾ ਹੈ,ਯਾਦ ਕਰਨਾ ਚਾਹੀਦਾ ਹੈ। ਜਿਹੜੇ ਗੁਣਾਂ ਨਾਲ ਅਸੀਂ ਆਪਣੇ ਅਕਾਲ ਪੁਰਖ ਦੀ ਸਿਫ਼ਤ ਕਰਾਂਗੇ,ਉਹ ਗੁਣ ਸਾਡੀ ਜਿੰਦਗੀ ਦਾ ਹਿੱਸਾ ਜ਼ਰੂਰ ਬਣਨਗੇ।

ਜਥੇਦਾਰ ਜੀ ਨੇ ਵਿਸ਼ਵ ਵਿੱਚ ਵੱਸਦੀ ਸਾਰੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਸਵੇਰੇ 10 ਵਜੇ ਤੋਂ 10:30 ਵਜੇ ਤੱਕ ਜਪ ਜੀ ਸਾਹਿਬ,ਸੁਖਮਨੀ ਸਾਹਿਬ ਜੀ ਜਾਂ ਮੂਲ-ਮੰਤਰ ਦਾ ਜਾਪ ਕਰਕੇ ਅਕਾਲ ਪੁਰਖ ਦੇ ਅੱਗੇ ਸਰਬੱਤ ਦੇ ਭਲੇ ਲਈ,ਇਸ ਬਿਮਾਰੀ ਤੋਂ ਸਾਰੀ ਮਾਨਵਤਾ ਨੂੰ ਬਚਾਉਣ ਲਈ ਅਰਦਾਸ ਕਰਨ। ਇਸੇ ਤਰ੍ਹਾਂ ਹੀ ਸ਼ਾਮ ਨੂੰ 5 ਵਜੇ ਸਾਨੂੰ ਪਰਿਵਾਰ ਦੇ ਵਿੱਚ ਅਲੱਗ-ਅਲੱਗ ਬੈਠ ਕੇ ਗੁਰਬਾਣੀ ਦਾ ਪਾਠ ਕਰਕੇ 5:30 ਵਜੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ। ਇਸ ਮਾਹੌਲ ਵਿੱਚ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਜ਼ਰੂਰੀ ਹੈ। ਇਸ ਦੂਰੀ ਨੂੰ ਕਾਇਮ ਰੱਖਦਿਆਂ ਅਸੀਂ ਇੱਕ-ਦੂਸਰੇ ਨਾਲ ਸਮਾਜਿਕ ਨੇੜਤਾ ਬਣਾਈ ਰੱਖਣ ਦਾ ਯਤਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਮਾਜਿਕ ਤੌਰ ‘ਤੇ ਇੱਕ ਹਾਂ,ਇੱਕ ਰਹਿਣਾ ਹੈ ਤੇ ਇੱਕ ਰਹਾਂਗੇ।

Leave a Reply

Your email address will not be published. Required fields are marked *