Punjab

ਢੀਂਡਸਾ ਦੀ ਪਹਿਲੀ ਰੈਲੀ ਨੇ ਬਾਦਲਾਂ ਨੂੰ ਹਿਲਾਇਆ

ਚੰਡੀਗੜ੍ਹ (ਪੁਨੀਤ ਕੌਰ)- ਸੰਗਰੂਰ ਵਿੱਚ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਵੱਡੀ ਰੈਲੀ ਕੀਤੀ ਹੈ। ਇਸ ਰੈਲੀ ਨੂੰ ਪੰਥਕ ਇਕੱਠ ਦਾ ਨਾਮ ਦਿੱਤਾ ਗਿਆ। ਪਹਿਲਾਂ ਇਸੇ ਹੀ ਜਗ੍ਹਾ ‘ਤੇ ਅਕਾਲੀ ਦਲ ਵੱਲੋਂ ਰੈਲੀ ਕੀਤੀ ਗਈ ਸੀ। ਅਕਾਲੀ ਦਲ ਦੀ ਰੈਲੀ ਦੇ ਜਵਾਬ ਵਿੱਚ ਢੀਂਡਸਾ ਪਰਿਵਾਰ ਨੇ ਇਹ ਰੈਲੀ ਕੀਤੀ ਹੈ। ਢੀਂਡਸਾ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਵੱਡੀ ਅਤੇ ਇਤਿਹਾਸਕ ਰੈਲੀ ਹੋਣ ਦਾ ਦਾਅਵਾ ਕੀਤਾ ਹੈ। ਢੀਂਡਸਾ ਪਰਿਵਾਰ ਨੇ ਅਕਾਲੀ ਦਲ ਦੀ ਰੈਲੀ ਤੋਂ ਵੱਧ ਇਕੱਠ ਹੋਣ ਦਾ ਦਾਅਵਾ ਕੀਤਾ ਹੈ ਜਦਕਿ ਅਕਾਲੀ ਦਲ ਨੇ ਆਪਣੀ ਰੈਲੀ ਵਿੱਚ 50 ਹਜ਼ਾਰ ਦੇ ਇਕੱਠ ਹੋਣ ਦਾ ਦਾਅਵਾ ਕੀਤਾ ਸੀ। ਢੀਂਡਸਾ ਰੈਲੀ ਦੇ ਵਿੱਚ ਸਾਰੇ ਟਕਸਾਲੀ ਲੀਡਰ ਪਹੁੰਚੇ ਹੋਏ ਸਨ। ਰੈਲੀ ਵਿੱਚ ਪਰਮਿੰਦਰ ਸਿੰਘ ਢੀਂਡਸਾ ਵੀ ਮੌਜੂਦ ਸਨ। ਢੀਂਡਸਾ ਰੈਲੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਤੇ ਵੀ ਗੱਲ ਕੀਤੀ ਗਈ।

ਇਸ ਰੈਲੀ ਵਿੱਚ ਅਕਾਲੀ ਦਲ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੇ ਇਸ ਇਕੱਠ ਨੂੰ ਹਰ ਤਬਕੇ ਦੇ ਲੋਕਾਂ ਵੱਲੋਂ ਹੁੰਗਾਰਾ ਮਿਲਿਆ ਹੈ। ਇਸ ਇਕੱਠ ਨੇ ਸੁਖਬੀਰ ਬਾਦਲ ਦੇ ਹੰਕਾਰ ਨੂੰ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਇਕੱਠ ਵਿੱਚ ਕੋਈ ਵੀ ਕਾਂਗਰਸੀ ਸ਼ਾਮਿਲ ਨਹੀਂ ਹੈ ਤੇ ਬਾਦਲ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਬਾਦਲ ਦੀਆਂ ਬੱਸਾਂ ਅਤੇ ਕੇਬਲ ਦਾ ਵਪਾਰ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਲੜਨ ਬਾਰੇ ਵੀ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਚੋਣਾਂ ਟਕਸਾਲੀਆਂ ਅਤੇ ਹਮਾਇਤੀਆਂ ਨਾਲ ਰਲ ਕੇ ਲੜਨਗੇ। ਸੁਖਦੇਵ ਢੀਂਡਸਾ ਨੇ ਕਿਹਾ ਕਿ ਉਹ ਧਰਮ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ।

ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੱਗੇ ਸਿੱਖ ਰਹਿਤ ਮਰਿਆਦਾ ‘ਤੇ ਪਹਿਰਾ ਦੇਣ ਦੀ ਇੱਕ ਵੱਡੀ ਚੁਣੌਤੀ ਹੈ। ਕਈ ਲੋਕ ਇਸ ਵਿਚਾਰਧਾਰਾ ਨਾਲ ਜੁੜੇ ਹੋਏ ਹਨ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਨਿੱਜੀ ਜਾਇਦਾਦ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਬਾਦਲ ਦਲ ਬਣ ਗਿਆ ਹੈ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹ ਧਰਮ ਪ੍ਰਚਾਰ ਭੁੱਲ ਕੇ ਬਾਦਲ ਪਰਿਵਾਰ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਥ ਦੀ ਸੇਵਾ ਛੱਡ ਕੇ ਬਾਦਲ ਪਰਿਵਾਰ ਦੀ ਸੇਵਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 9 ਸਾਲਾਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋਈ ਹੈ ਅਤੇ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਰੇ ਕੋਈ ਮਤਾ ਪਾਸ ਕਰਨਾ ਚਾਹੀਦਾ ਹੈ। ਪਰਮਿੰਦਰ ਢੀਂਡਸਾ ਨੇ ਅਕਾਲੀ ਦਲ ਦੀ ਕਹਿਣੀ ਤੇ ਕਰਨੀ ਵਿੱਚ ਵੱਡਾ ਫ਼ਰਕ ਦੱਸਿਆ ਹੈ।

ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਕਸ ਨੂੰ ਢਾਹ ਲੱਗ ਗਈ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਬਾਦਲ ਪਰਿਵਾਰ ਦੇ ਮੁਤਾਬਿਕ ਚੱਲ ਰਿਹਾ ਹੈ। ਉਨ੍ਹਾਂ ਨੇ ਬਾਦਲ ਪਰਿਵਾਰ ਨੂੰ ਜੇਲ੍ਹ ਪਹੁੰਚਾਉਣ ਲਈ ਕਿਹਾ। ਉਨ੍ਹਾਂ ਨੇ ਬਾਦਲ ਪਰਿਵਾਰ ‘ਤੇ ਸਿਰਫ਼ ਸੱਤਾ ਪਿਆਰੀ ਹੋਣ ਦਾ ਇਲਜ਼ਾਮ ਲਗਾਇਆ ਹੈ।

ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਬਾਦਲ ਸਾਡੇ ਪਰਿਵਾਰਾਂ ਦੀ ਕੁਰਬਾਨੀ ਕਰਕੇ ਸਰਕਾਰ ਦਾ ਹਿੱਸਾ ਰਹੇ ਹਨ ਤੇ ਜੇ ਅਜੇ ਵੀ ਉਨ੍ਹਾਂ ਨੂੰ ਮੇਰੇ ਪਿਤਾ ਜੀ ਦੀ ਕੁਰਬਾਨੀ ਘੱਟ ਲੱਗਦੀ ਹੈ ਤਾਂ ਮੈਂਨੂੰ ਚੌਂਕ ਵਿੱਚ ਖਿਲਾਰ ਕੇ ਗੋਲੀ ਮਾਰ ਦੇਣ। ਸਾਬਕਾ ਸੰਸਦ ਮੈਂਬਰ ਬਲਵੰਤ ਸਿੰਘ ਰਾਮੂਵਾਲੀਆ ਨੇ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਸਿੱਖ ਕੌਮ ਅਤੇ ਮਰਿਆਦਾ ਦੀ ਜਾਣਕਾਰੀ ਨਹੀਂ ਹੈ। ਦਿੱਲੀ ਦੇ ਸਿੱਖ ਆਗੂ ਤੇ ‘ਜਾਗੋ’ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਵੀ ਬਾਦਲ ਪਰਿਵਾਰ ‘ਤੇ ਨਿਸ਼ਾਨੇ ਸਾਧੇ ਹਨ।

ਪਰਮਿੰਦਰ ਸਿੰਘ ਢੀਂਡਸਾ ਨੇ ਰੈਲੀ ਦੌਰਾਨ ਸ਼੍ਰੋਮਣੀ ਕਮੇਟੀ ਖਾਤਿਰ ਬਜ਼ੁਰਗਾਂ ਵੱਲੋਂ ਸੰਗਲਾਂ ਨਾਲ ਆਪਣੇ-ਆਪ ਨੂੰ ਲਾਈਆਂ ਹੋਈਆਂ ਜ਼ੰਜੀਰਾਂ ਨੂੰ ਤੋੜਦਿਆਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਰੈਲੀ ਵਿੱਚ ਬਾਦਲ ਪਰਿਵਾਰ,ਮੁਖ-ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ‘ਤੇ ਨਿਸ਼ਾਨੇ ਸਾਧੇ ਗਏ ਹਨ। ਢੀਂਡਸਾ ਰੈਲੀ ਵਿੱਚ ਕਾਂਗਰਸ ਅਤੇ ਅਕਾਲੀ ਦਲ ‘ਤੇ ਮਿਲੀਭੁਗਤ ਦੇ ਇਲਜ਼ਾਮ ਵੀ ਲਗਾਏ ਗਏ ਹਨ।