Punjab

ਗੁਰਪਤਵੰਤ ਪੰਨੂ ਦੇ ਕਹਿਣ ‘ਤੇ ਅਰਦਾਸ ਕਰਨ ਵਾਲਾ ਗੱਦਾਰ ਹੋਵੇਗਾ-ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਦਾ ਬਿਆਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸਾਂਸਦ ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰ ਫਿਰ ਤੋਂ ਰੈਫਰੈਂਡਮ-2020 ‘ਤੇ ਤਿੱਖਾ ਬਿਆਨ ਦਿੰਦਿਆਂ ਕਿਹਾ ਕਿ ਪੰਨੂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਾਇਸ਼ੁਮਾਰੀ 2020 ਲਈ ਅਰਦਾਸ ਕਰਨ ਦੀ ਅਪੀਲ ਨੂੰ ਪੰਜਾਬੀਆਂ ਨੇ ਨਕਾਰ ਕੇ ਖ਼ਾਲਿਸਤਾਨ ਨੂੰ ਹਮਾਇਤ ਦੇਣ ਤੋਂ ਕਿਨਾਰਾ ਕਰ ਲਿਆ ਹੈ। ਬਿੱਟੂ ਨੇ ਕਿਹਾ ਕਿ ‘ਪੰਜਾਬੀ ਪੰਨੂ ਵਰਗੇ ਗੱਦਾਰ ਦੇ ਬਹਿਕਾਵੇ ‘ਚ ਨਾ ਆਉਣ, ਪੰਨੂ ਦੇ ਕਹਿਣ ‘ਤੇ ਅਰਦਾਸ ਕਰਨ ਵਾਲਾ ਗੱਦਾਰ ਹੋਵੇਗਾ। ਜੋ ਵੀ ਪੰਨੂ ਦੇ ਕਹਿਣ ‘ਚ ਅਰਦਾਸ ਵਿੱਚ ਸ਼ਾਮਿਲ ਹੋਵੇਗਾ, ਉਹ ਭਾਵੇਂ ਕੋਈ ਜਥੇਦਾਰ ਹੀ ਹੋਵੇ, ਉਹ ਗੱਦਾਰ ਹੋਵੇਗਾ, ਪੈਸੇ ਪਿੱਛੇ ਵਿਕਾਊ ਹੋਵੇਗਾ’।

ਬਿੱਟੂ ਨੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਅੱਜ ਰੈਫਰੈਂਡਮ 2020 ‘ਤੇ ਫੇਲ ਹੋਣ ਦੀ ਮੋਹਰ ਲੱਗ ਗਈ ਹੈ। ਪੰਜਾਬ ਦੇ ਲੋਕਾਂ ਨੇ ਅਰਦਾਸ ਨਾ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਰਾਇਸ਼ੁਮਾਰੀ 2020 ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਖ਼ਾਲਿਸਤਾਨ ਨਹੀਂ ਚਾਹੀਦਾ। ਪੰਨੂ ਦੇਸ਼ ਦਾ ਭਗੌੜਾ ਹੈ ਜੋ ਇਸ ਸਮੇਂ ਅਮਰੀਕਾ ਵਿੱਚ ਬੈਠਾ ਹੈ’।

ਬਿੱਟੂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਵੀ ਤਿੱਖਾ ਹਮਲਾ ਕਰਦਿਆਂ ਕਿਹਾ ਕਿ ‘ਇਹ ਜਥੇਦਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨੌਜਵਾਨਾਂ ਨੂੰ ਜਾਗਰੂਕ ਕਰਨ ਕਿ ਉਹ ਪੰਨੂ ਵਰਗੇ ਗੱਦਾਰਾਂ ਦੀਆਂ ਗੱਲਾਂ ‘ਚ ਨਾ ਆਉਣ। ਸਿੱਖ ਨੌਜਵਾਨ ਕਹਿ ਰਹੇ ਹਨ ਕਿ ਜਥੇਦਾਰ ਆਪ ਖ਼ਾਲਿਸਤਾਨ ਦੀ ਮੰਗ ਕਰ ਰਹੇ ਹਨ’।