ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 5637 ਕਰੋੜ RDF ਦਾ ਮੁੱਦਾ ਕੇਂਦਰ ਸਰਕਾਰ ਸਾਹਮਣੇ ਚੁੱਕਣ ਦੇ ਲਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖਿਆ ਸੀ । ਜਿਸ ਦੇ ਜਵਾਬ ਵਿੱਚ ਰਾਜਪਾਲ ਨੇ ਸੁਪਰੀਮ ਕੋਰਟ ਦਾ ਹਵਾਲਾ ਦਿੰਦੇ ਹੋਏ 50 ਹਜ਼ਾਰ ਕਰੋੜ ਦਾ ਹਿਸਾਬ ਮੰਗ ਲਿਆ ਸੀ । ਹੁਣ ਇਸ ਮਸਲੇ ‘ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਰਾਜਪਾਲ ਨੂੰ ਘੇਰਿਆ ਹੈ । ਕੰਗ ਨੇ ਕਿਹਾ ਰਾਜਪਾਲ ਸਾਬ੍ਹ ਤੁਹਾਡਾ ਇਸ ਤਰ੍ਹਾਂ ਟਾਲਣ ਵਾਲਾ ਰਵੱਈਆਂ ਇਸ ਅਹਿਮ ਮੁੱਦੇ ‘ਤੇ ਸਹੀ ਨਹੀਂ ਹੈ । ਗਰਵਰਨ ਸਾਬ੍ਹ ਤੁਸੀਂ ਹਮੇਸ਼ਾ ਪੰਜਾਬ ਸਰਕਾਰ ਨਾਲ ਚਿੱਠੀਆਂ ਰਾਹੀਂ ਸੰਪਰਕ ਕੀਤਾ ਹੈ,ਇਸੇ ਲਈ ਮੁੱਖ ਮੰਤਰੀ ਮਾਨ ਨੇ ਵੀ ਤੁਹਾਨੂੰ ਚਿੱਠੀ ਭੇਜ ਕੇ RDF ਦਾ ਮਾਮਲਾ ਕੇਂਦਰ ਸਾਹਮਣੇ ਰੱਖਣ ਲਈ ਕਿਹਾ ਸੀ ।

ਕੰਗ ਨੇ ਰਾਜਪਾਲ ਦੇ ਉਸ ਸਵਾਲ ਦਾ ਵੀ ਜਵਾਬ ਦਿੱਤਾ ਜਿਸ ਵਿੱਚ ਰਾਜਪਾਲ ਨੇ ਕਿਹਾ ਸੀ ਕਿ RDF ਦੇ ਮੁੱਦੇ ‘ਤੇ ਪਹਿਲਾਂ ਹੀ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਹੋਈ ਹੈ ਅਜਿਹੇ ਵਿੱਚ ਉਨ੍ਹਾਂ ਨੂੰ ਅਦਾਲਤ ਦੇ ਫੈਸਲਾ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ । ਕੰਗ ਨੇ ਕਿਹਾ ਜੇਕਰ ਤੁਸੀਂ ਕੇਂਦਰ ਕੋਲੋ RDF ਦਾ ਪੈਸਾ ਦਿਵਾਉਂਦੇ ਹੋ ਤਾਂ ਅਸੀਂ ਆਪਣੀ ਪਟੀਸ਼ਨ ਵਾਪਸ ਲੈ ਸਕਦੇ ਹਾਂ। ਇਸ ਤੋਂ ਇਲਾਵਾ ਤੁਸੀਂ ਕਿਹਾ ਹੈ ਕਿ ਮਾਨ ਸਰਕਾਰ ਨੇ ਡੇਢ ਸਾਲ ਵਿੱਚ 50 ਹਜ਼ਾਰ ਕਰੋੜ ਦਾ ਕਰਜ਼ਾ ਲਿਆ । ਅਸੀਂ ਤੁਹਾਨੂੰ ਦੱਸਨਾ ਚਾਹੁੰਦੇ ਹਾਂ ਕਿ ਕਾਂਗਰਸ ਅਤੇ ਅਕਾਲੀ-ਬੀਜੇਪੀ ਸਰਕਾਰ 3 ਲੱਖ ਕਰੋੜ ਦਾ ਕਰਜਾ ਛੱਡ ਕੇ ਗਈ ਸੀ । ਇਸ ਦੇ ਬਾਵਜੂਦ ਅਸੀਂ ਲੋਕਾਂ ਦੀ ਭਲਾਈ ਦੇ ਲਈ ਕੰਮ ਕਰ ਰਹੇ ਹਾਂ। ਇਸ ਲਈ ਟਾਲੋ ਨਾ ਅਤੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਦਿਉ ਜਿਸ ਦਾ ਤੁਸੀਂ ਹਰ ਵਾਰ ਦਾਅਵਾ ਕਰਦੇ ਹੋ ।


ਸੀਐੱਮ ਮਾਨ ਦੀ ਚਿੱਠੀ ‘ਤੇ ਰਾਜਪਾਲ ਦਾ ਇਹ ਆਇਆ ਸੀ ਜਵਾਬ

21 ਸਤੰਬਰ ਦੀ ਸੀਐੱਮ ਮਾਨ ਦੀ ਚਿੱਠੀ ਜਵਾਬ 24 ਘੰਟੇ ਅੰਦਰ ਹੀ ਰਾਜਪਾਲ ਨੇ ਦਿੱਤਾ ਸੀ ਉਨ੍ਹਾਂ ਕਿਹਾ ਸੀ ਕਿ ਮੈਨੂੰ ਪਤਾ ਹੈ ਕਿ ਤੁਹਾਡੇ ਸ਼ਾਸਨ ਦੌਰਾਨ ਪੰਜਾਬ ‘ਤੇ 50 ਹਜ਼ਾਰ ਕਰੋੜ ਦਾ ਕਰਜ਼ਾ ਵਧਿਆ ਹੈ । ਇਸ ਦੀ ਜਾਣਕਾਰੀ ਦਿੱਤੀ ਜਾਵੇ ਤਾਂਕੀ ਪ੍ਰਧਾਨ ਮੰਤਰੀ ਨੂੰ ਪੈਸੇ ਦੀ ਸਹੀ ਵਰਤੋਂ ਕਰਨ ਦਾ ਭਰੋਸਾ ਦਿਵਾਇਆ ਜਾ ਸਕੇ।

ਮੁੱਖ ਮੰਤਰੀ ਭਗਵੰਤ ਮਾਨ ਨੇ 21 ਸਤੰਬਰ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖਿਆ ਸੀ ਜਿਸ ਵਿੱਚ ਅਪੀਲ ਕੀਤੀ ਗਈ ਸੀ ਕਿ ਉਹ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਸਾਹਮਣੇ ਪੰਜਾਬ ਦੇ RDF ਦੇ 5637.4 ਕਰੋੜ ਦੇ ਫੰਡ ਦਾ ਮੁੱਦਾ ਚੁੱਕਣ । ਮੁੱਖ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਮੰਡੀ ਬੋਰਡ ਅਤੇ ਪੇਂਡੂ ਵਿਕਾਸ ਬੋਰਡ ਮੌਜੂਦਾ ਕਰਜ ਵਾਪਸ ਕਰਨ ਲਈ ਅਸਮਰਥ ਹੈ । ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ MDF ਫੰਡ ਤਿੰਨ ਫੀਸਦੀ ਤੋਂ ਘਟਾਕੇ 2 ਫੀਸਦੀ ਕਰਨ ਦਾ ਵੀ ਮੁੱਦਾ ਚੁੱਕਣ ਲਈ ਕਿਹਾ ਸੀ ਇਸ ਨਾਲ 2 ਸੀਜ਼ਨ ਵਿੱਚ ਪੰਜਾਬ ਨੂੰ 400 ਕਰੋੜ ਦਾ ਨੁਕਸਾਨ ਹੋਇਆ ਹੈ ।