ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਬੀਸੀ ਪ੍ਰੋਵਿੰਸ਼ੀਅਲ ਅਦਾਲਤ ਦੀ ਜੱਜ ਇੱਕ ਪੰਜਾਬਣ ਸਤਿੰਦਰ ਕੌਰ ਸਿੱਧੂ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਗੱਲ ਦੇ ਪਤਾ ਲਗਣ ‘ਤੇ ਕਨੇਡਾ ਪੰਜਾਬੀ ਭਾਈਚਾਰੇ ’ਚ ਖ਼ੁਸ਼ੀ ਦੀ ਲਹਿਰ ਜਾਗ ਪਈ ਹੈ। ਸਤਿੰਦਰ ਕੌਰ ਸਿੱਧੂ ਨਾਲ ਜੈਫ਼ਰੇ ਕੈਂਪਬੈੱਲ ਤੇ ਕੈਰਿਨਾ ਸੈਕਾ ਦੀ ਵੀ ਜੱਜ ਵਜੋਂ ਨਿਯੁਕਤੀ ਹੋਈ ਹੈ। ਸਤਿੰਦਰ ਕੌਰ ਸਿੱਧੂ 30 ਮਾਰਚ ਨੂੰ ਆਪਣਾ ਨਵਾਂ ਅਹੁਦਾ ਸੰਭਾਲਣਗੇ।
ਸਿੱਧੂ ਨੇ 1995 ’ਚ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ ਵਕਾਲਤ ਪਾਸ ਕੀਤੀ ਸੀ ਤੇ 1996 ’ਚ ਉਹ ਬ੍ਰਿਟਿਸ਼ ਕੋਲੰਬੀਆ ਬਾਰ ਨਾਲ ਜੁੜ ਗਏ ਸਨ। ਸਿੱਧੂ ਨੇ ਨਿਊ ਵੈਸਟਮਿੰਸਟਰ ’ਚ ਸਰਕਾਰੀ ਵਕੀਲ ਵਜੋਂ ਵੀ ਕੰਮ ਕੀਤਾ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਬਹੁਤ ਗੁੰਝਲਦਾਰ ਅਪਰਾਧਕ ਮਾਮਲੇ ਵੀ ਨਿਪਟਾਏ। ਸਿੱਧੂ ਅਕਸਰ ਆਪਣੇ ਪੇਪਰ ਕੈਨੇਡੀਅਨ ਬਾਰ ਐਸੋਸੀਏਸ਼ਨ, ਸਰਕਾਰੀ ਵਕੀਲਾਂ ਦੀਆਂ ਕਾਨਫ਼ਰੰਸਾਂ ਅਤੇ ਕੈਨੇਡੀਅਨ ਪੁਲਿਸ ਕਾਲਜ ਦੀਆਂ ਕਾਨਫ਼ਰੰਸਾਂ ’ਚ ਪੜ੍ਹਦੇ ਰਹਿੰਦੇ ਹਨ। ਉਨ੍ਹਾਂ ਪੇਪਰਾਂ ਦੀ ਕਾਫ਼ੀ ਸ਼ਲਾਘਾ ਵੀ ਹੁੰਦੀ ਹੈ। ‘ਵੁਆਇਸ ਆੱਨਲਾਈਨ’ ਵੱਲੋਂ ਪ੍ਰਕਾਸ਼ਿਤ ਰਤਨ ਮਾਲ ਦੀ ਰਿਪੋਰਟ ਮੁਤਾਬਕ ਸਤਿੰਦਰ ਸਿੱਧੂ ਪੰਜਾਬੀ ਬਹੁਤ ਵਧੀਆ ਬੋਲਦੇ ਹਨ।
ਕੈਨੇਡਾ ’ਚ ਜੱਜ ਬਣਨ ਲਈ ਇੱਛੁਕ ਵਕੀਲਾਂ ਨੂੰ ਪਹਿਲਾਂ ਸਬੰਧਤ ਸੂਬੇ ਦੀ ਜੁਡੀਸ਼ੀਅਲ ਕੌਂਸਲ ਕੋਲ ਆਪਣੀਆਂ ਅਰਜ਼ੀਆਂ ਦੇਣੀਆਂ ਪੈਂਦੀਆਂ ਹਨ। ਇਹੋ ਕੌਂਸਲ ਹੀ ਜੱਜਾਂ ਦੀਆਂ ਨਿਯੁਕਤੀਆਂ ਕਰਦੀ ਹੈ। ਇਸ ਕੌਂਸਲ ਵਿੱਚ ਚੀਫ਼ ਜੱਸ, ਐਸੋਸੀਏਟ ਚੀਫ਼ ਜੱਜ ਤੇ ਕੁਝ ਹੋਰ ਜੱਜ, ਪ੍ਰਮੁੱਖ ਵਕੀਲ ਤੇ ਆਮ ਲੋਕ ਤੱਕ ਮੌਜੂਦ ਹੁੰਦੇ ਹਨ ਅਤੇ ਉਹ ਸਾਰੇ ਮਿਲ ਕੇ ਸਹੀ ਜੱਜਾਂ ਦੀ ਚੋਣ ਕਰਦੇ ਹਨ।