India

YES ਬੈਂਕ ਨੇ ਲੋਕਾਂ ਨੂੰ ਪੈਸੇ ਕਢਵਾਉਣ ਤੋਂ ਕੀਤੇ ਹੱਥ ਖੜੇ

ਚੰਡੀਗੜ੍ਹ-(ਪੁਨੀਤ ਕੌਰ) YES ਬੈਂਕ ਨਾਲ ਜੁੜੇ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। YES ਬੈਂਕ ਨੇ ਇੱਕ ਮਹੀਨੇ ਵਿੱਚ 50 ਹਜ਼ਾਰ ਤੋਂ ਵੱਧ ਰੁਪਏ ਕਢਵਾਉਣ ‘ਤੇ ਰੋਕ ਲਾ ਦਿੱਤੀ ਹੈ। ਪੈਸਿਆਂ ਨੂੰ ਕਢਵਾਉਣ ਦੀ ਕੀਤੀ ਹੱਦਬੰਦੀ ਨਾਲ ਗ੍ਰਾਹਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ  YES ਬੈਂਕ ਦੀਆਂ ਸ਼ਾਖਾਵਾਂ ਦੇ ਬਾਹਰ ਗ੍ਰਾਹਕਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਸ ਹੱਦਬੰਦੀ ਤੋਂ ਬਾਅਦ RBI ਨੇ YES ਬੈਂਕ ‘ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਇਸਦੇ ਨਾਲ ਹੀ YES ਬੈਂਕ ਦਾ ਬੋਰਡ ਵੀ ਭੰਗ ਕਰ ਦਿੱਤਾ ਗਿਆ ਹੈ।

YES ਬੈਂਕ SBI ਵੱਲੋਂ ਨਿਯੁਕਤ ਪ੍ਰਸ਼ਾਸਕ ਦੇ ਅਧੀਨ  ਹੋ ਗਿਆ ਹੈ। SBI ਹੁਣ YES ਬੈਂਕ ਨੂੰ ਘਾਟੇ ਵਿੱਚੋਂ ਬਾਹਰ ਕੱਢੇਗੀ। ਇਸ ਤੋਂ ਪਹਿਲਾਂ ਸਰਕਾਰ ਨੇ SBI ਅਤੇ ਹੋਰ ਵਿੱਤੀ ਸੰਸਥਾਨਾਂ ਨੂੰ YES ਬੈਂਕ ਨੂੰ ਵਿੱਤੀ ਸੰਕਟ ਵਿੱਚੋਂ ਬਾਹਰ ਕੱਢਣ ਦੀ ਇਜਾਜ਼ਤ ਦਿੱਤੀ ਸੀ। ਕੁੱਝ ਹਫ਼ਤੇ ਪਹਿਲਾਂ SBI ਦੇ ਚੇਅਰਮੈਨ ਨੇ YES ਬੈਂਕ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਦੀ ਗੱਲ ਵੀ ਕਹੀ ਸੀ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ YES ਬੈਂਕ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। YES ਬੈਂਕ ਕਾਫੀ ਸਮੇਂ ਤੋਂ ਡੁੱਬੇ ਕਰਜ਼ੇ ਦੀ ਸਮੱਸਿਆ ਕਾਰਨ ਵਿੱਤੀ ਸੰਕਟ ਤੋਂ ਜੂਝ ਰਿਹਾ ਹੈ।