India International Punjab

ਕੈਨੇਡਾ, ਅਮਰੀਕਾ ‘ਚ ਫਸੇ ਭਾਰਤੀਆਂ ਦੇ ਵਾਪਸ ਆਉਣ ਲਈ 75 ਫਲਾਈਟਾਂ ਦੀ ਬੁਕਿੰਗ ਸ਼ੁਰੂ

‘ਦ ਖਾਲਸ ਟੀਵੀ:- ਭਾਰਤ ਸਰਕਾਰ ਨੇ ਏਅਰ ਇੰਡੀਆ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਵੰਦੇ ਭਾਰਤ ਮਿਸ਼ਨ ਦੇ ਤੀਜੇ ਪੜਾਅ ਦਾ ਐਲਾਨ ਕਰ ਦਿੱਤਾ ਹੈ। ਮਿਸ਼ਨ ਤਹਿਤ ਭਾਰਤ ਸਰਕਾਰ ਪੂਰੀ ਦੁਨੀਆ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਕਰਕੇ ਅਮਰੀਕਾ ਅਤੇ ਵੱਖ-ਵੱਖ ਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ‘ਚ ਪੰਜਾਬੀ ਵੀ ਸ਼ਾਮਲ ਹਨ, ਨੂੰ ਵਾਪਸ ਮੁਲਕ ਲਿਆ ਰਹੀ ਹੈ।

ਇਸ ਮਿਸ਼ਨ ਦੇ ਤੀਜੇ ਪੜਾਅ ਵਿੱਚ ਏਅਰ ਇੰਡੀਆ ਅਤੇ ਭਾਰਤ ਦੇ ਸ਼ਹਿਰੀ ਹਵਾਬਾਜੀ ਮੰਤਰੀ ਸ. ਹਰਦੀਪ ਸਿੰਘ ਪੂਰੀ ਨੇ ਐਲਾਨ ਕੀਤਾ ਹੈ ਕਿ ਉਹ ਵੰਦੇ ਭਾਰਤ ਮਿਸ਼ਨ ਦੇ ਤੀਜੇ ਪੜਾਅ ਤਹਿਤ ਅਮਰੀਕਾ ਤੇ ਕੈਨੇਡਾ ਦੇ ਹਵਾਈ ਅੱਡੇ, ਨਿਉਯਾਰਕ, ਨਿਉ ਜਰਸੀ, ਸ਼ਿਕਾਗੋ, ਵਾਸ਼ਿੰਗਟਨ, ਸੈਨ ਫਰਾਂਸਿਸਕੋ, ਵੈਨਕੁਵਰ ਅਤੇ ਟੋਰਾਂਟੋ ਤੋਂ ਕੁੱਲ 75 ਹੋਰ ਵਾਧੂ ਉਡਾਣਾਂ 9 ਜੂਨ ਤੋਂ 30 ਜੂਨ ਤੱਕ ਚਲਾਉਣਗੇ।

ਇਹਨਾਂ ਉਡਾਣਾਂ ਲਈ ਬੁਕਿੰਗ ਏਅਰ ਇੰਡੀਆਂ ਦੀ ਵੈਬਸਾਈਟ ਤੇ 5 ਜੂਨ ਨੂੰ ਭਾਰਤ ਦੇ ਸਮੇਂ ਅਨੁਸਾਰ ਸ਼ਾਮ ਦੇ 5 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਏਅਰ ਇੰਡੀਆ ਸਿਰਫ ਅਮਰੀਕਾ ਕੈਨੇਡਾ ਹੀ ਨਹੀਂ ਬਲਕਿ ਹੋਰਨਾਂ ਬਹੁਤ ਸਾਰੇ ਮੁਲਕਾਂ ਲਈ ਵੀ ਹੋਰ ਉਡਾਣਾਂ ਦਾ ਐਲਾਨ ਕਰੇਗੀ ਤਾਂ ਜੋ ਲੋਕ ਆਪੋ ਆਪਣੇ ਘਰ ਵਾਪਸ ਜਾ ਸਕਣ। ਇਸ ਨਾਲ ਪਰਿਵਾਰਾਂ ਤੋਂ ਵਿੱਛੜਿਆਂ ਹਜ਼ਾਰਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮਿਸ਼ਨ ਦੇ ਦੂਜੇ ਪੜਾਅ ਦੌਰਾਨ 31 ਤੋਂ ਵੀ ਵੱਧ ਦੇਸ਼ਾਂ ਵਿੱਚ ਫਸੇ ਤਕਰੀਬਨ 30,000 ਤੋਂ ਵੱਧ ਭਾਰਤੀ ਨਾਗਰਿਕ ਦੇਸ਼ ਵਾਪਸ ਲਿਆਏ ਜਾ ਚੁੱਕੇ ਹਨ।

ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵਿਦੇਸ਼ਾਂ ਵੱਲ ਨੂੰ ਰਵਾਨਾ ਹੋਣ ਵਾਲੇ ਇਹਨਾਂ ਜਹਾਜ਼ਾਂ ‘ਤੇ ਕੈਨੇਡਾ, ਅਮਰੀਕਾ ਦੇ ਪੱਕੇ ਨਾਗਰਿਕ ਜੋ ਕਿ ਭਾਰਤ ਵਿੱਚ ਫਸੇ ਹੋਏ ਹਨ, ਉਹ ਵੀ ਵਾਪਸ ਜਾ ਸਕਣਗੇ। ਜਿਹੜੇ ਵਰਕ ਪਰਮਿਟ, ਸਟੂਟੈਂਡ ਵੀਜ਼ਾ ਤੇ ਟੂਰਿਸਟ ਵੀਜ਼ਾ ਤੇ ਹਨ ਦੇਸ਼ਾਂ ਵਿਚ ਆਏ ਨੇ ਉਹ ਵੀ ਇਨ੍ਹਾਂ ਉਡਾਣਾਂ ਵਿੱਚ ਜਾ ਸਕਦੇ ਹਨ, ਇਨ੍ਹਾਂ ਉਡਾਣਾਂ ਦੀ ਸਭ ਜਾਣਕਾਰੀ ਏਅਰ ਇੰਡੀਆਂ ਦੀ ਵੈਬਸਾਈਟ ‘ਤੇ ਦਿੱਤੀ ਗਈ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਸਾਂਝੀ ਕੀਤੀ ਹੈ, ਤੁਸੀਂ ਹੇਠਾਂ ਦਿੱਤੇ ਵੀਡੀਉ ਲਿੰਕ ਨੂੰ ਖੋਲ ਕੇ ਸੁਣ ਸਕਦੇ ਹੋ।