‘ਦ ਖ਼ਾਲਸ ਬਿਊਰੋ:- ਸਾਲ 2015 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਡੇਰਾ ਮੁਖੀ ਰਾਮ ਰਹੀਮ ਅਤੇ ਡੇਰਾ ਪ੍ਰੇਮੀਆਂ ਦਾ ਨਾਮ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਪੂਰੀ ਤਰ੍ਹਾਂ ਭਖ ਚੁੱਕੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਅੱਜ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਕੇ ਬੇਅਦਬੀ ਕਾਂਡ ‘ਚ ਸ੍ਰੋਮਣੀ ਅਕਾਲੀ ਦਲ ਨੂੰ ਵੀ ਸਿੱਧਾ-ਸਿੱਧਾ ਦੋਸ਼ੀ ਠਹਿਰਾਇਆ ਗਿਆ ਹੈ।

 

ਜਾਖੜ ਨੇ ਕਿਹਾ ਕਿ ਅਕਾਲੀ ਦਲ ਨੇ ਵੋਟਾਂ ਦੀ ਖਾਤਰ ਡੇਰਾ ਮੁਖੀ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਿਵਾਈ। ਜਾਖੜ ਨੇ ਸੁਖਬੀਰ ਬਾਦਲ ‘ਤੇ ਤੰਜ ਕਸਦਿਆਂ ਕਿਹਾ ਕਿ ਬਾਦਲ ਨੇ ਰਾਮ ਰਹੀਮ ਨੂੰ ਕਿਹਾ ਸੀ ਕਿ “ਏਕ ਹਾਥ ਦੇ ਏਕ ਹਾਥ ਲੇ, ਤੁਮ ਮੁਝੇ ਵੋਟ ਦੋ ਮੈਂ ਤੁਝੇ ਮਾਫੀ ਦੂੰਗਾ”।

 

ਸੁਨੀਲ ਜਾਖੜ ਨੇ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਥ ਦੇ ਦੋਸ਼ੀ ਅਕਾਲੀ ਲੀਡਰਾਂ ਨੂੰ ਪੰਥ ਵਿੱਚੋਂ ਛੇਕਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜਾਣ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸਿਰਫ਼ ਵੋਟਾਂ ਦੀ ਖਾਤਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।

 

ਜਾਖੜ ਨੇ ਕਿਹਾ ਕਿ CBI ਵੱਲੋਂ ਬੇਅਦਬੀ ਦੀ ਚੱਲ ਰਹੀ ਜਾਂਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸਦਾ ਮਤਲਬ ਇਹ ਹੈ ਕਿ ਇਸਦੇ ਤਾਰ ਜ਼ਰੂਰ ਵੱਡੇ ਲੀਡਰਾਂ ਨਾਲ ਜੁੜਦੇ ਹਨ। ਉਹਨਾਂ ਕਿਹਾ ਕਿ ਬੇਅਦਬੀ ਮਾਮਲੇ ‘ਚ ਦੋਸ਼ੀਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ।