‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਦੀ ਦਵਾਈ ਬਣਾਉਣ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਾਰ-ਵਾਰ ਇਹ ਦਾਅਵਾ ਕਰ ਰਹੇ ਹਨ ਕਿ ਸਾਲ ਦੇ ਅੰਤ ਤੱਕ ਕੋਰੋਨਾਵਾਇਰਸ ਦੀ ਵੈਕਸੀਨ ਤਿਆਰ ਕਰ ਲਈ ਜਾਵੇਗੀ, ਪਰ ਦੂਜੇ ਪਾਸੇ ਹੁਣ ਦੋ ਵੱਖ-ਵੱਖ ਦੇਸ਼ਾਂ ਇਜ਼ਰਾਈਲ ਅਤੇ ਨੀਦਰਲੈਂਡਜ਼ ਨੇ ਕੋਵਿਡ -19 ਦੀ ਐਂਟੀਬਾਡੀ ਬਣਾਉਣ ਦਾ ਦਾਅਵਾ ਕੀਤਾ ਹੈ। ਇਹ ਦੋਵੇਂ ਵੱਖੋ-ਵੱਖਰੇ ਅਧਿਐਨ ਦਾਅਵਾ ਕਰਦੇ ਹਨ ਕਿ ਇਹ ਐਂਟੀਬਾਡੀਜ਼ ਕੋਰੋਨਾਵਾਇਰਸ ਨੂੰ ਖ਼ਤਮ ਕਰ ਸਕਦੀਆਂ ਹਨ।

ਜਦਕਿ ਵਿਗਿਆਨੀਆਂ ਦੀ ਅਗਵਾਈ ਵਾਲੀ ਇੱਕ ਡੱਚ ਟੀਮ ਨੇ ਕਿਹਾ ਕਿ ਉਹ ਇੱਕ ਲੈਬ ‘ਚ ਕੋਵਿਡ ਦੀ ਲਾਗ ਨੂੰ ਰੋਕਣ ‘ਚ ਕਾਮਯਾਬ ਰਹੇ। ਇਸ ਦੇ ਨਾਲ ਹੀ ਇਜ਼ਰਾਈਲ ਦੇ ਰੱਖਿਆ ਮੰਤਰੀ ਨਫਤਲੀ ਬੇਨੇਟ ਨੇ ਦਾਅਵਾ ਕੀਤਾ ਹੈ ਕਿ ਚੀਫ਼ ਬਾਇਓਲਾਜੀਕਲ ਰਿਸਰਚ ਇੰਸਟੀਟਿਊਟ ਦੇ ਵਿਗਿਆਨੀਆਂ ਨੇ ਕੋਰੋਨਾਵਾਇਰਸ ਦੇ ਐਂਟੀਬਾਡੀਜ਼ ਵਿਕਸਤ ਕਰਨ ‘ਚ ਮਹੱਤਵਪੂਰਣ ਸਫ਼ਲਤਾ ਪਾਈ ਹੈ। ਨੀਦਰਲੈਂਡਜ਼ ਦੀ ਯੂਟਰੇਟ ਯੂਨੀਵਰਸਿਟੀ ਦੇ ਬੇਰੇਂਡ-ਜਾਨ ਬੋਸ਼ ਨੇ ਕਿਹਾ, “ਅਜਿਹੀਆਂ ਐਂਟੀਬਾਡੀਜ਼ ਸੰਕਰਮਿਤ ਵਿਅਕਤੀਆਂ ‘ਚ ਲਾਗ ਨੂੰ ਬਦਲਣ, ਵਾਇਰਸ ਨੂੰ ਸਾਫ ਕਰਨ ਜਾਂ ਕਿਸੇ ਵਾਇਰਸ ਨਾਲ ਸੰਕਰਮਿਤ ਅਸੰਕਰਮਿਤ ਵਿਅਕਤੀ ਦੀ ਰੱਖਿਆ ਕਰਨ ਦੀ ਯੋਗਤਾ ਰੱਖਦੀਆਂ ਹਨ। ਯੂਟਰੈਕਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਨੂੰ ਕੋਵਿਡ -19 ਦੇ ਇਲਾਜ ਜਾਂ ਰੋਕਥਾਮ ਲਈ ਪੂਰੀ ਤਰ੍ਹਾਂ ਮਨੁੱਖੀ ਐਂਟੀਬਾਡੀਜ਼ ਵਿਕਸਤ ਕਰਨ ਵੱਲ ਇਕ ਸ਼ੁਰੂਆਤੀ ਕਦਮ ਦੱਸਿਆ ਹੈ।