‘ਦ ਖ਼ਾਲਸ ਬਿਊਰੋ:- ਸਿੱਖ ਕੌਮ ਦੁਨੀਆ ਭਰ ਵਿੱਚ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਲੰਗਰ ਦੀ ਸੇਵਾ ਹਰ ਲੋੜਵੰਦ ਤੱਕ ਪਹੁੰਚਾਉਂਦੀ ਰਹਿੰਦੀ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਅਮਰੀਕਾ ਵਿੱਚ ਗੁਰਦੁਆਰਿਆਂ ’ਚੋਂ ਕੀਤੀ ਜਾ ਰਹੀ ਲੰਗਰ ਦੀ ਸੇਵਾ ਨਾਲ ਸਿੱਖ ਭਾਈਚਾਰੇ ਦੀ ਨਾ ਸਿਰਫ਼ ਪਛਾਣ ਵਿੱਚ ਵਾਧਾ ਹੋਇਆ ਹੈ ਸਗੋਂ ਵੱਡੇ ਪੱਧਰ ਉਤੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਵੀ ਹੋ ਰਹੀ ਹੈ।

ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਵੱਖ ਵੱਖ ਗੁਰਦੁਆਰਿਆਂ ਵਿੱਚ ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਪੈਕੇਟ ਵੰਡੇ ਗਏ ਹਨ ਤੇ ਸੇਵਾ ਅਜੇ ਵੀ ਜਾਰੀ ਹੈ। ਹੁਣ ਅਮਰੀਕਾ ਵਿੱਚ ਨਸਲੀ ਨਫ਼ਰਤ ਖ਼ਿਲਾਫ਼ ਹੋ ਰਹੇ ਰੋਸ ਵਿਖਾਵਿਆਂ (ਬਲੈਕ ਲਾਈਵਜ਼ ਮੈਟਰ) ਦੌਰਾਨ ਵੀ ਸਿੱਖ ਭਾਈਚਾਰਾ ਲੰਗਰ ਵੰਡ ਰਿਹਾ ਹੈ। ਭਾਈਚਾਰੇ ਦੀ ਇਸ ਸੇਵਾ ਨੂੰ ਅਮਰੀਕਾ ਦੇ ਮੀਡੀਆ ਵਿੱਚ ਵੱਡੇ ਪੱਧਰ ’ਤੇ ਸਲਾਹਿਆ ਜਾ ਰਿਹਾ  ਹੈ। ਉਨ੍ਹਾਂ ਦੱਸਿਆ ਕਿ ਪ੍ਰਮੁੱਖ ਅਖਬਾਰ ‘ਨਿਊਯਾਰਕ ਟਾਈਮਜ਼’ ਵਲੋਂ ਇਸ ਬਾਰੇ ਇਕ ਵੱਡਾ ਲੇਖ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਸਿੱਖ ਹਲਕਿਆਂ ਵਿੱਚ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਸਿੱਖ ਭਾਈਚਾਰੇ ਦੀ ਸ਼ਲਾਘਾ ਹੋ ਰਹੀ ਹੈ। ਵੱਖ-ਵੱਖ ਗੁਰਦੁਆਰਾ ਕਮੇਟੀਆਂ ਵਲੋਂ ਰੋਜ਼ਾਨਾ ਸ਼ਾਕਾਹਾਰੀ ਲੰਗਰ ਦੇ ਪੈਕੇਟ ਤਿਆਰ ਕੀਤੇ ਜਾ ਰਹੇ ਹਨ। ਲੰਗਰ ਵਿੱਚ ਰਾਜਮਾਹ, ਚੌਲ, ਮਟਰ, ਪਨੀਰ, ਦਾਲ, ਖੀਰ, ਪਿੱਜ਼ਾ, ਬਰਗਰ, ਪਾਸਤਾ, ਪਾਣੀ ਤੇ ਸੋਢਾ ਵਰਤਾਇਆ ਜਾ ਰਿਹਾ ਹੈ। ਹੁਣ ਤੱਕ ਲੱਖਾਂ ਦੀ ਗਿਣਤੀ ਵਿੱਚ ਅਜਿਹੇ ਲੰਗਰ ਰੂਪੀ ਭੋਜਨ ਦੇ ਪੈਕੇਟ ਵੰਡੇ ਜਾ ਚੁੱਕੇ ਹਨ ਤੇ ਹਰੇਕ ਧਰਮ, ਫ਼ਿਰਕੇ, ਨਸਲ ਦੇ ਵਿਅਕਤੀ ਨੂੰ ਇਹ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕ ਖ਼ੁਦ ਵੀ ਲੰਗਰ ਲੈਣ ਲਈ ਪਹੁੰਚ ਕਰ ਰਹੇ ਹਨ। ਜਿਹੜੇ ਲੋਕ ਨਹੀਂ ਪਹੁੰਚ ਸਕਦੇ, ਉਨ੍ਹਾਂ ਤੱਕ ਗੁਰਦੁਆਰਾ ਕਮੇਟੀਆਂ ਵਲੋਂ ਲੰਗਰ ਪਹੁੰਚਾਇਆ ਜਾ ਰਿਹਾ ਹੈ। ਭਾਈ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਗੁਰਦੁਆਰਿਆਂ ਵਿੱਚ ਸਵੇਰੇ ਚਾਰ ਵਜੇ ਸੇਵਾਦਾਰਾਂ ਵਲੋਂ ਲੰਗਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਕੈਲੀਫੋਰਨੀਆ, ਨਿਊਯਾਰਕ, ਅਟਲਾਂਟਾ, ਲਾਸ ਏਂਜਲਸ, ਸਿਆਟਲ, ਐਸਪਾਨਲ, ਵਾਸ਼ਿੰਗਟਨ, ਮਿਸ਼ੀਗਨ, ਫਲੋਰਿਡਾ ਆਦਿ ਦੀਆਂ ਗੁਰਦੁਆਰਾ ਕਮੇਟੀਆਂ ਵਲੋਂ ਲੰਗਰ ਤਿਆਰ ਕਰਕੇ ਵਰਤਾਇਆ ਜਾ ਰਿਹਾ ਹੈ। ਲੰਗਰ ਤਿਆਰ ਕਰਨ ਸਮੇਂ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਵਾਦਾਰ ਦਸਤਾਨੇ ਅਤੇ ਮਾਸਕ ਦੀ ਵਰਤੋਂ ਕਰਦਿਆਂ ਸੈਨੇਟਾਈਜੇਸ਼ਨ ਦਾ ਵੀ ਖ਼ਾਸ ਖਿਆਲ ਰੱਖ ਰਹੇ ਹਨ।

Leave a Reply

Your email address will not be published. Required fields are marked *