’ਦ ਖ਼ਾਲਸ ਬਿਊਰੋ: ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ‘ਦਿੱਲੀ ਚੱਲੋ’ ਅੰਦੋਲਨ ਭਖਿਆ ਹੋਇਆ ਹੈ। ਇਸੇ ਦੌਰਾਨ ਹੀ ਅੰਬਾਲਾ ਦੇ ਇੱਕ ਨੌਜਵਾਨ ਨਵਦੀਪ ਸਿੰਘ ਦੀ ਬੀਤੇ ਦਿਨ ਤੋਂ ਚੁਫੇਰੇ ਚਰਚਾ ਹੋ ਰਹੀ ਹੈ, ਜੋ ਸੋਸ਼ਲ ਮੀਡੀਆ ’ਤੇ ਰਾਤੋ-ਰਾਤ ਸਟਾਰ ਬਣ ਗਿਆ ਹੈ। ਇਸ ਨੌਜਵਾਨ ਨੇ ਦਲੇਰੀ ਦਿਖਾਉਂਦਿਆਂ ਬਜ਼ੁਰਗ ਕਿਸਾਨਾਂ ਨੂੰ ਠੰਢੇ ਪਾਣੀ ਦੀਆਂ ਬੁਛਾੜਾਂ ਤੋਂ ਬਚਾ ਕੇ ਸਭ ਦਾ ਦਿਲ ਜਿੱਤ ਲਿਆ। ਕਿਸਾਨ ਆਗੂਆਂ ਤੋਂ ਲੈ ਕੇ ਵੱਡੇ-ਵੱਡੇ ਲੀਡਰ ਵੀ ਇਸ ਨੌਜਵਾਨ ਨੂੰ ਸਲੂਟ ਮਾਰ ਰਹੇ ਹਨ। ਬਹਾਦਰੀ ਦਿਖਾਉਣ ਵਾਲੇ ਨੌਜਵਾਨ ਨਵਦੀਪ ਸਿੰਘ ਨੂੰ ਹੁਣ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਕਿਸਾਨ ਜਥੇਬੰਦੀਆਂ ਦੇ 26 ਅਤੇ 27 ਨਵੰਬਰ ਨੂੰ ਦਿੱਲੀ ਵਿੱਚ ਕੀਤੇ ਜਾ ਰਹੇ ਘਿਰਾਓ ਦੌਰਾਨ ਬੀਤੇ ਕੱਲ੍ਹ ਹਰਿਆਣਾ ਬਾਰਡਰ ’ਤੇ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਦੀਆਂ ਸਖ਼ਤ ਰੋਕਾਂ ਦੇ ਬਾਵਜੂਦ ਕਿਸਾਨਾਂ ਉੱਪਰ ਪਾਣੀ ਦੀਆਂ ਤੋਪਾਂ ਦੇ ਮੂੰਹ ਬਦਲਣ ਵਾਲੇ ਅੰਬਾਲਾ ਜ਼ਿਲ੍ਹੇ ਦੇ ਨੌਜਵਾਨ ਨਵਦੀਪ ਸਿੰਘ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਉਸ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।

ਇਸ ਦੇ ਨਾਲ ਹੀ ਫੈਡਰੇਸ਼ਨ ਨੇ ਖੱਟਰ ਸਰਕਾਰ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਬਾਰਡਰ ਨੂੰ ਸੀਲ ਕਰਨ ਵਾਲੀ ਅਣਐਲਾਨੀ ਐਮਰਜੈਂਸੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਡੈਮੋਕਰੇਸੀ ਨਹੀਂ, ਡਾਗੋਕਰੇਸੀ ਹੈ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਸਾਨਾਂ ਅਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ 27 ਨਵੰਬਰ ਦੇ ਦਿੱਲੀ ਦੇ ਘਿਰਾਓ ਨੂੰ ਸਫਲ ਬਣਾਉਣ ਲਈ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਜਗਰੂਪ ਸਿੰਘ ਚੀਮਾ, ਸਮੂਹ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਇਸ ਘਿਰਾਓ ਲਈ ਪੰਜਾਬ ਤੋ ਵੱਡੀ ਗਿਣਤੀ ਵਿੱਚ ਨੌਜਵਾਨ ਦਿੱਲੀ ਨੂੰ ਵਹੀਰਾਂ ਘੱਤ ਕੇ ਜਾਣ ਅਤੇ ਕਿਸਾਨਾਂ ਦਾ ਪੂਰਨ ਤੌਰ ਤੇ ਸਾਥ ਦੇਣ।

ਕੌਣ ਹੈ ਨਵਦੀਪ ਸਿੰਘ

ਨਵਦੀਪ ਸਿੰਘ ਅੰਬਾਲਾ ਸ਼ਹਿਰ ਦੇ ਨਾਲ ਲੱਗਦੇ ਜਲਵੇੜਾ ਦਾ ਰਹਿਣ ਹੈ। ਉਸ ਦੇ ਪਿਤਾ ਕਿਸਾਨ ਯੂਨੀਅਨ ਦੇ ਆਗੂ ਹਨ। ਉਸ ਦਾ ਪਰਿਵਾਰ ਕਿਸਾਨਾਂ ਦੇ ਸੰਘਰਸ਼ ਲਈ ਹਮੇਸ਼ਾ ਮੋਹਰੀ ਰਿਹਾ ਹੈ। ਇਕ ਸੰਘਰਸ਼ ਦੌਰਾਨ ਇਸ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ‘ਤੇ ਧਾਰਾ 307 ਤਹਿਤ ਪਰਚਾ ਵੀ ਦਰਜ ਕੀਤਾ ਗਿਆ ਸੀ।

ਬੀਤੇ ਦਿਨ ਇਸ ਨੌਜਵਾਨ ਨੇ ਅੰਬਾਲਾ ਵਿੱਚ ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ ਦੌਰਾਨ ਪਾਣੀ ਦੀ ਤੋਪ ‘ਤੇ ਚੜ੍ਹ ਕੇ ਪਾਣੀ ਦੀਆਂ ਬੁਛਾੜਾ ਨੂੰ ਬੰਦ ਕਰ ਦਿੱਤਾ ਤੇ ਫਿਰ ਮੁੜ ਟਰਾਲੀ ‘ਚ ਛਾਲ ਮਾਰੀ ਸੀ। ਇਸ ਬਹਾਦਰੀ ਭਰੇ ਕਾਰਨਾਮੇ ਕਰਕੇ ਉਹ ਸੋਸ਼ਲ ਮੀਡੀਆ ਰਾਹੀਂ ਸਮੁੱਚੇ ਪੰਜਾਬ ਤੇ ਹਰਿਆਣਾ ਦਾ ਹੀਰੋ ਬਣ ਗਿਆ ਹੈ।

ਅੰਬਾਲਾ ਵਿੱਚ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲਿਸ ਨੇ ਮੀਂਹ ਅਤੇ ਠੰਡ ਦੇ ਮੌਸਮ ਵਿੱਚ ਹੀ ਕਿਸਾਨਾਂ ਉੱਤੇ ਪਾਣੀਆਂ ਦੀਆਂ ਬੁਛਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਇਸ ਦਰਮਿਆਨ ਅਚਾਨਕ ਨਵਦੀਪ ਅੱਗੇ ਆਇਆ ਤੇ ਬੜੀ ਚੁਸਤੀ ਨਾਲ ਪਾਣੀ ਦੇ ਟੈਂਕ ‘ਤੇ ਛਾਲ ਮਾਰ ਕੇ ਕਿਸਾਨਾਂ ਨੂੰ ਠੰਢੇ ਪਾਣੀ ਤੋਂ ਬਚਾਇਆ

ਇਸ ਦੇ ਤੁਰੰਤ ਬਾਅਦ ਪੁਲਿਸ ਦੀ ਗੱਡੀ ਤੋਂ ਉਤਰਨ ਲਈ ਉਸ ਨੇ ਮੁੜ ਟਰਾਲੀ ਉੱਤੇ ਛਾਲ ਮਾਰ ਦਿੱਤੀ। ਇਸ ਸਾਰੀ ਘਟਨਾ ਦੀ ਉੱਥੇ ਖੜ੍ਹੇ ਲੋਕਾਂ ਨੇ ਵੀਡੀਓ ਬਣਾ ਲਈ ਤੇ ਫੋਟੋਆਂ ਵੀ ਖਿੱਚੀਆਂ। ਕੁਝ ਸਮੇਂ ਵਿੱਚ ਹੀ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।

ਸਿਆਸੀ ਆਗੂਆਂ ਵੱਲੋਂ ਨਵਦੀਪ ਦੀ ਪ੍ਰਸ਼ੰਸਾ

ਨਵਦੀਪ ਸਿੰਘ ਦੀ ਦਲੇਰੀ ਵੇਖ ਕੇ ਕਾਂਗਰਸੀ ਆਗੂ ਅਮਰਿੰਦਰ ਰਾਜਾ ਵੜਿੰਗ ਉਸ ਦੀ ਵੀਡੀਓ ਆਪਣੇ ਪੇਜ ’ਤੇ ਸ਼ੇਅਰ ਕਰਨੋਂ ਰਹਿ ਨਾ ਸਕੇ। ਉਨ੍ਹਾਂ ਲਿਖਿਆ,

‘ਕਿਸਾਨੀ ਤੇ ਜਵਾਨੀ ਨੂੰ ਸਲੂਟ…
ਨੌਜਵਾਨ ਨੇ ਪਹਿਲਾਂ ਪੁਲਸ ਨੂੰ ਪਿੱਛੇ ਕਰਦੇ ਹੋਇਆਂ ਤੇ ਪਾਣੀ ਦੀਆਂ ਬੌਛਾਰਾਂ ਝੱਲਦੇ ਹੋਇਆਂ ਪਹਿਲਾਂ ਪਾਣੀ ਦੀਆਂ ਬੌਛਾਰਾਂ ਵਾਲੀ ਗੱਡੀ ਤੇ ਚੜ ਕੇ ਬੌਛਾਰ ਬੰਦ ਕੀਤੀ ਫੇਰ ਗੱਡੀ ਤੋਂ ਅਪਣੀ ਟਰਾਲੀ ਚ ਛਾਲ ਮਾਰਕੇ ਅੱਗੇ ਵਧਿਆ …

ਜਿੳਦੇ ਰਹੋ ਚਲੋ ਦਿੱਲੀ’

ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਨਵਦੀਪ ਸਿੰਘ ਦੇ ਕਾਰਨਾਮੇ ਦੀ ਕਲਿੱਪ ਸ਼ੇਅਰ ਕਰਕੇ ਉਸ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ।

ਏਨਾ ਹੀ ਨਹੀਂ, ਟਵਿੱਟਰ ’ਤੇ ਵੀ ਬਹੁਤ ਸਾਰੇ ਲੋਕਾਂ ਨੇ ਨੌਜਵਾਨ ਨਵਦੀਪ ਸਿੰਘ ਦੀ ਵੀਡੀਓ ਤੇ ਫੋਟੋਆਂ ਸ਼ੇਅਰ ਕਰਕੇ ਉਸ ਦੀ ਤਾਰੀਫ ਕੀਤੀ। ਵੇਖੋ ਟਵੀਟ।

Leave a Reply

Your email address will not be published. Required fields are marked *