India

ਅੱਜ ਖਤ਼ਮ ਹੋਵੇਗੀ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ, ਸਾਲ ਦੀ ਅੰਤਿਮ ਅਰਦਾਸ ਹੋਣ ਮਗਰੋਂ ਕਪਾਟ ਕੀਤੇ ਜਾਣਗੇ ਬੰਦ

‘ਦ ਖ਼ਾਲਸ ਬਿਊਰੋ:- 4 ਸਤੰਬਰ ਨੂੰ ਸ਼ੁਰੂ ਹੋਈ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੱਜ ਖ਼ਤਮ ਹੋ ਰਹੀ ਹੈ।  ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਅੱਜ ਦੁਪਹਿਰ 12:30 ਵਜੇ ਸਾਲ ਦੀ ਅੰਤਿਮ ਅਰਦਾਸ ਹੋਵੇਗੀ ਅਤੇ  1:30 ਵਜੇ ਹੇਮਕੁੰਟ ਸਾਹਿਬ ਦੇ ਕਪਾਟ ਬੰਦ ਕੀਤੇ ਜਾਣਗੇ।

ਇਸ ਸਾਲ ਹੁਣ ਤੱਕ 8000 ਸਿੱਖ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕ ਚੁੱਕੇ ਹਨ ਅਤੇ ਅੱਜ ਵੀ ਕਪਾਟ ਬੰਦ ਹੋਣ ਤੋਂ ਪਹਿਲਾਂ 1200 ਸਿੱਖ ਸ਼ਰਧਾਲੂ ਪਵਿੱਤਰ ਹੇਮਕੁੰਟ ਸਰੋਵਰ ਵਿੱਚ ਸ਼ਰਧਾ ਦੀ ਡੁਬਕੀ ਲਗਾ ਕੇ ਸਾਲ ਦੀ ਅੰਤਮ ਅਰਦਾਸ ਸੁਣਨਗੇ। ਜਾਣਕਾਰੀ ਮੁਤਾਬਕ ਕੱਲ੍ਹ ਗੋਵਿੰਦ ਘਾਟ ਤੋਂ 435 ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਏ ਸਨ। ਅੱਜ ਸਵੇਰੇ 10 ਵਜੇ ਸੁਖਮਨੀ ਸਾਹਿਬ ਦਾ ਪਾਠ ਅਤੇ 11 ਵਜੇ ਸ਼ਬਦ ਕੀਰਤਨ ਕੀਤਾ ਗਿਆ। ਅੱਜ 12:30 ਵਜੇ ਇਸ ਸਾਲ ਦੀ ਅੰਤਮ ਅਰਦਾਸ ਪੜ੍ਹਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੱਚਖੰਡ ਵਿੱਚ ਬਿਰਾਜਮਾਨ ਕੀਤਾ ਜਾਵੇਗਾ ਅਤੇ ਦੁਪਹਿਰ ਡੇਢ ਵਜੇ ਹੇਮਕੁੰਟ ਸਾਹਿਬ  ਦੇ ਕਪਾਟ ਸ਼ੀਤ ਕਾਲ ਲਈ ਬੰਦ ਕਰ ਦਿੱਤੇ ਜਾਣਗੇ।

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 4 ਸਤੰਬਰ ਤੋਂ ਸ਼ੁਰੂ ਹੋਈ ਸੀ। ਹਰ ਸਾਲ ਇਹ ਯਾਤਰਾ ਮਈ- ਜੂਨ ਵਿੱਚ ਸ਼ੁਰੂ ਹੋ ਜਾਂਦੀ ਹੈ, ਪਰ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸ਼ਰਧਾਲੂਆਂ ਨੂੰ ਸਤੰਬਰ ਤੱਕ ਦਾ ਇੰਤਜ਼ਾਰ ਕਰਨਾ ਪਿਆ ਸੀ ਅਤੇ ਇਹੀ ਕਾਰਨ ਸੀ ਕਿ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਕੋਰੋਨਾ ਦੇ ਮੱਦੇਨਜ਼ਰ ਕਈ ਤਰ੍ਹਾਂ ਦੇ ਨਿਯਮਾਂ ਅਤੇ ਹਦਾਇਤਾਂ ਦੀ ਪਾਲਨਾ ਵੀ ਕਰਨੀ ਪਈ।

ਯਾਤਰਾ ਵੇਲੇ ਗੁਰਦੁਆਰਾ ਸਾਹਿਬ ਵਿੱਚ ਸਰੀਰਕ ਦੂਰੀ, ਮਾਸਕ ਪਾਉਣਾ ਅਤੇ ਕੋਵਿਡ ਨਾਲ ਜੁੜੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਸੀ, ਜਿਸ ਲਈ ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਅਧਿਕਾਰੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯਾਤਰਾ ਦੇ ਦਿਸ਼ਾ-ਨਿਰਦੇਸ਼ਾਂ ਦਾ ਪ੍ਰਚਾਰ-ਪ੍ਰਸਾਰ ਕਰਨ ਉੱਤੇ ਜ਼ੋਰ ਦੇਣ ਲਈ ਕਿਹਾ ਸੀ।