Punjab

ਰਾਗੀ-ਗ੍ਰੰਥੀ ਸਿੰਘਾਂ ਦੇ ਵਿਵਾਦ ਵਿੱਚ ਕੌਣ ਸਹੀ-ਕੌਣ ਗਲਤ, ਜਾਣੋ ਪੂਰਾ ਮਸਲਾ

‘ਦ ਖ਼ਾਲਸ ਬਿਊਰੋ:- ਪਿਛਲੇ ਕੁੱਝ ਸਮੇਂ ਤੋਂ ਸ਼੍ਰੀ ਦਰਬਾਰ ਸਾਹਿਬ ਜੀ, ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਕੀਰਤਨੀਏ ਸਿੰਘਾਂ ਨੂੰ ਬੇਇੱਜ਼ਤ ਕਰਨ ਦਾ ਮਸਲਾ ਬਹੁਤ ਭਖਿਆ ਹੋਇਆ ਹੈ। ਇਸ ਮਾਮਲੇ ਵਿੱਚ ਹੁਣ ਸਿਰਫ਼ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘ ਹੀ ਨਹੀਂ ਬਲਕਿ ਪੂਰੇ ਪੰਜਾਬ ਵਿੱਚ ਰਹਿੰਦੇ ਰਾਗੀ ਸਿੰਘ ਇਕਜੁੱਟ ਹੋ ਗਏ ਹਨ। ਲੰਘੇ ਅਗਸਤ ਨੂੰ ਹਜ਼ੂਰੀ ਰਾਗੀ ਸਿੰਘਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਸ ਮਸਲੇ ਦੇ ਹੱਲ ਲਈ ਮੰਗ ਪੱਤਰ ਸੌਂਪਿਆ ਸੀ।

ਰਾਗੀ ਸਿੰਘਾਂ ਵੱਲੋਂ ਮੰਗ ਪੱਤਰ ਜਨਤਕ ਕਰਨਾ

 ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕੋਈ ਵੀ ਫੈਸਲਾ ਆਉਣ ਤੋਂ ਪਹਿਲਾਂ ਰਾਗੀ ਸਿੰਘਾਂ ਨੇ ਇਸ ਮੰਗ ਪੱਤਰ ਨੂੰ ਜਨਤਕ ਨਹੀਂ ਕੀਤਾ ਸੀ। ਰਾਗੀ ਸਿੰਘਾਂ ਨੇ ਇਸ ਮਸਲੇ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਈ ਦਿਨਾਂ ਤੋਂ ਬਾਅਦ ਵੀ ਕੋਈ ਹੁੰਗਾਰਾ ਨਾ ਮਿਲਣ ‘ਤੇ ਇਹ ਚਿੱਠੀ ਜਨਤਕ ਕਰ ਦਿੱਤੀ। ਇਸ ਚਿੱਠੀ ਵਿੱਚ ਹਜ਼ੂਰੀ ਰਾਗੀ ਸਭਾ, ਸ੍ਰੀ ਦਰਬਾਰ ਨੇ ਗਿਆਨੀ ਜਗਤਾਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।

ਰਾਗੀ ਸਿੰਘਾਂ ਦੇ ਮਸਲੇ ਨਾਲ ਸਬੰਧਿਤ ਹੋਰ ਕੜੀਆਂ

 ਇਹ ਮਸਲਾ ਕੋਈ ਨਵਾਂ ਨਹੀਂ ਹੈ। ਸਾਲ 2016 ਤੋਂ ਹੀ ਇਹ ਮਸਲਾ ਸੁਲਗ ਰਿਹਾ ਹੈ।  2016 ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਕੋਹਾੜਕਾ ਨੂੰ ਵੀ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸ਼ਬਦ ਪੜ੍ਹਦਿਆਂ ਵਿੱਚੇ ਹੀ ਰੋਕ ਦਿਤਾ ਸੀ,  ਜੋ ਕੀ ਮਰਿਯਾਦਾ ਦੇ ਖਿਲਾਫ ਹੈ।  2019 ਵਿੱਚ ਹਜ਼ੂਰੀ ਰਾਗੀ ਭਾਈ ਗੁਰਜੀਤ ਸਿੰਘ ਲਈ ਵੀ ਗਿਆਨੀ ਜਗਤਾਰ ਸਿੰਘ ਨੇ ਦਰਬਾਰ ਸਾਹਿਬ ਅੰਦਰ ਤਾਬਿਆ ‘ਤੇ ਬਹਿ ਕੇ ਹੀ ਗੁਰੂ ਸਾਹਿਬ ਦੀ ਹਜੂਰੀ ਵਿਚ ਭੱਦੀ ਸ਼ਬਦਾਵਲੀ ਵਰਤ ਕੇ ਕਿਹਾ ਸੀ ਕਿ “ਕਿੱਧਰ ਮੂੰਹ ਚੁੱਕਿਆ “।

ਉਸ ਸਮੇਂ ਦਰਬਾਰ ਸਾਹਿਬ ਦੀ ਮਰਿਯਾਦਾ ਨੂੰ ਮੁੱਖ ਰੱਖਦੇ ਹੋਏ ਨੌਜਵਾਨ ਰਾਗੀ ਗੁਰਜੀਤ ਸਿੰਘ ਚੁੱਪ ਰਹੇ ਅਤੇ ਗਿਆਨੀ ਜਗਤਾਰ ਸਿੰਘ ਨਾਲ ਕੋਈ ਜਵਾਬ-ਤਲਬੀ ਨਹੀਂ ਕੀਤੀ ਪਰ ਇਹ ਸਾਰੀ ਘਟਨਾ CCTV  ਕੈਮਰੇ ਵਿੱਚ ਕੈਦ ਹੋ ਗਈ ਸੀ।  ‘ਦ ਖ਼ਾਲਸ ਟੀਵੀ ਨੂੰ ਇਸ ਬਾਰੇ  ਜਾਣਕਾਰੀ ਭਾਈ ਗੁਰਦੇਵ ਸਿੰਘ ਕੋਹਾੜਕਾ ਅਤੇ ਭਾਈ ਗੁਰਜੀਤ ਸਿੰਘ ਨੇ ਆਪ ਦਿੱਤੀ।

ਇਹ ਗੱਲ ਇੱਥੇ ਹੀ ਨਹੀਂ ਰੁਕੀ, ਇਸ ਤੋਂ ਬਾਅਦ ਗਿਆਨੀ ਜਗਤਾਰ ਸਿੰਘ ਨੇ ਪਟਿਆਲਾ ਦੇ ਰਾਗੀ ਭਾਈ ਜਸਕਰਨ ਸਿੰਘ ਨੂੰ ਵੀ  ਕੌੜੇ ਸ਼ਬਦ ਬੋਲ ਕੇ ਸੰਗਤ ਸਾਹਮਣੇ ਅਪਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਕੋਹੜ ਪੈਣ ਦੀ ਵੀ ਗੱਲ ਕਹੀ ਸੀ।  ਇਸ ਵਾਰ ਤਾਂ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਜਦੋਂ ਹਜ਼ੂਰੀ ਰਾਗੀ ਭਾਈ ਓਂਕਾਰ ਸਿੰਘ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਗਿਆਨੀ ਜਗਤਾਰ ਸਿੰਘ ਦੇ ਜਵਾਈ ਨੇ ਧਮਕੀ ਦਿੱਤੀ ਕਿ “ਤੂੰ ਬਾਹਰ ਮਿਲ ਤੈਨੂੰ ਮੈਂ ਦੱਸਦਾਂ”।

ਰਾਗੀ ਸਿੰਘਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕਿਸੇ ਵੀ ਰਾਗੀ ਸਿੰਘ ਨੇ ਕਦੇ ਵੀ ਗਿਆਨੀ ਜਗਤਾਰ ਸਿੰਘ ਵਾਸਤੇ ਮੰਦੇ ਬੋਲ ਨਹੀਂ ਬੋਲੇ, ਨਾ ਹੀ ਪਲਟ ਕੇ ਕੋਈ ਜਵਾਬ ਦਿੱਤਾ।  ਜਿਵੇਂ ਉਨ੍ਹਾਂ ਨੇ ਹੁਕਮ ਕੀਤਾ, ਉਹਨਾਂ ਨੇ ਉਵੇਂ ਹੀ ਕੀਤਾ, ਪਰ ਜਦੋਂ ਗੱਲ ਵੱਧ ਗਈ ਤਾਂ ਰਾਗੀ ਸਿੰਘਾਂ ਨੇ ਹੈੱਡ ਗ੍ਰੰਥੀ ਖਿਲਾਫ਼ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਕਰਨ ਦਾ ਫੈਸਲਾ ਲੈਣਾ ਜਰੂਰੀ ਸਮਝਿਆ।

ਮੁੱਖ ਗ੍ਰੰਥੀ ਦਾ ਰਾਗੀ ਸਿੰਘਾਂ ਨੂੰ ਟੋਕਣ ਦਾ ਕਾਰਨ

 ਗਿਆਨੀ ਜਗਤਾਰ ਸਿੰਘ ਨੇ ਇਸ ਮਸਲੇ ਬਾਰੇ ਕਦੇ ਵੀ ਮੀਡੀਆ ਨਾਲ ਗੱਲ ਨਹੀਂ ਕੀਤੀ ਪਰ ਉਨ੍ਹਾਂ ਵੱਲੋਂ ਤਾਬਿਆ ਤੋਂ ਰਾਗੀ ਸਿੰਘਾਂ ਦੀ ਜਿਹੜੀ ਟੋਕਾ-ਟੋਕਾਈ ਹੁੰਦੀ ਹੈ, ਉਸਦਾ ਸਿਰਫ਼ ਇੱਕ ਹੀ ਕਾਰਨ ਹੁੰਦਾ ਸੀ ਕਿ ਉਹ ਸਮਝਦੇ ਸਨ ਕਿ ਰਾਗੀ ਸਿੰਘ ਨਿਰਧਾਰਿਤ ਸਮੇਂ ਮੁਤਾਬਕ ਰਾਗਬੱਧ ਗੁਰਬਾਣੀ ਕੀਰਤਨ ਗਾਇਨ ਨਹੀਂ ਕਰਦੇ।  ਜਾਣਕਾਰੀ ਮੁਤਾਬਕ ਗਿਆਨੀ ਜਗਤਾਰ ਸਿੰਘ ਗੁਰਬਾਣੀ ਦੇ ਗਿਆਤਾ ਹਨ, ਗੁਰਬਾਣੀ ਵੀ ਬਹੁਤ ਕੰਠ ਹੈ ਅਤੇ ਕਿਹੜੇ ਸਮੇਂ ਲਈ ਗੁਰੂ ਸਾਹਿਬ ਨੇ ਕਿਹੜਾ ਰਾਗ ਗਾਇਨ ਕਰਨਾ ਦੱਸਿਆ ਹੈ, ਇਸਦੀ ਚੰਗੀ ਜਾਣਕਾਰੀ ਰੱਖਦੇ ਹਨ।

ਪੁਰਾਤਨ ਰਾਗੀ ਕੀਰਤਨ ਦੀਆਂ ਧੁਨਾਂ ਆਪ ਕਰਦੇ ਸਨ ਤਿਆਰ

 ਪੁਰਾਤਨ ਰਾਗੀ ਸਿੰਘ ਕੀਰਤਨ ਦੀਆਂ ਧੁਨਾਂ ਆਪ ਤਿਆਰ ਕਰਦੇ ਸਨ।  ਇਤਿਹਾਸ ਗਵਾਹ ਹੈ ਕਿ ਵੱਡੇ-ਵੱਡੇ ਗਵੱਈਏ ਹਜ਼ੂਰੀ ਰਾਗੀ ਸਿੰਘਾਂ ਦਾ ਕੀਰਤਨ ਸੁਣਨ ਲਈ ਦਰਬਾਰ ਸਾਹਿਬ ਆਇਆ ਕਰਦੇ ਸੀ।  ਰਾਗੀ ਸਿੰਘ ਕੀਰਤਨ ਲਈ ਕੋਈ ਵੀ ਗੀਤ, ਗਜ਼ਲ ਜਾਂ ਹੋਰ ਤਰਜ਼ ਨਹੀਂ ਚੁੱਕਦੇ ਸਨ ਬਲਕਿ ਗੀਤਾਂ-ਗਜ਼ਲਾਂ ਦੇ ਗਵੱਈਏ ਉਨ੍ਹਾਂ ਤੋਂ ਤਰਜ਼ਾਂ ਸਿੱਖਦੇ ਸੀ।  ਕੀਰਤਨ ਨਿਰਧਾਰਿਤ ਰਾਗ ਵਿੱਚ ਹੀ ਗਾਇਨ ਕੀਤਾ ਜਾਂਦਾ ਸੀ। ਪਰ ਅੱਜ ਇਹ ਵੀ ਸੱਚ ਹੈ ਕਿ ਕਈ ਰਾਗੀ ਗੀਤਾਂ-ਗਜ਼ਲਾਂ ਦੀਆਂ ਤਰਜ਼ਾਂ ਉੱਤੇ ਵੀ ਸ਼ਬਦ ਪੜ੍ਹ ਜਾਂਦੇ ਹਨ ਜੋ ਕਿ ਗੁਰਬਾਣੀ ਦਾ ਅਪਮਾਨ ਹੈ।

ਭਾਈ ਜਵਾਲਾ ਸਿੰਘ ਜੀ ਦੇ ਪੋਤੇ ਭਾਈ ਕੁਲਤਾਰ ਸਿੰਘ ਨੇ ਇੱਕ ਰਿਕਾਰਡਿੰਗ ਵਿੱਚ ਵੀ ਦੱਸਿਆ ਸੀ ਕਿ ਗੁਰਬਾਣੀ ਨੂੰ ਗੀਤਾਂ ਦੀਆਂ ਧੁਨਾਂ ‘ਤੇ ਗਾਉਣਾ ਬਹੁਤ ਹੀ ਵੱਡਾ ਅਪਮਾਨ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜੂਠੇ ਬਰਤਨ ਵਿੱਚ ਦੇਗ ਵਰਤਾਉਣ ਦੇ ਬਰਾਬਰ ਹੈ।  ਰਾਗੀ ਸਿੰਘਾਂ ਦਾ ਕਹਿਣਾ ਹੈ ਕਿ ਉਹ ਮਰਿਆਦਾ ਅਨੁਸਾਰ ਕੀਰਤਨ ਦੀ ਚੌਂਕੀ ਲਾਉਂਦੇ ਹਨ ਅਤੇ ਜੇਕਰ ਉਨ੍ਹਾਂ ਦੀ ਚੋਣ ਹੋਈ ਹੈ ਤਾਂ ਹੀ ਉਹ ਇਸ ਪਦਵੀ ‘ਤੇ ਹਨ।

ਗੁਰੂ ਸਾਹਿਬ ਦੀ ਹਜ਼ੂਰੀ ‘ਚ ਰਾਗੀਆਂ ਨੂੰ ਟੋਕਣਾ ਕਿੰਨਾ ਕੁ ਸਹੀ ?

 ਤਾਬਿਆਂ ਤੋਂ ਬੈਠੇ ਗ੍ਰੰਥੀ ਸਿੰਘ ਨੂੰ ਕੀਰਤਨ ਕਰਦੇ ਰਾਗੀ ਸਿੰਘਾਂ ਨੂੰ ਟੋਕਣਾ ਕਿੰਨਾ ਕੁ ਜਾਇਜ਼ ਹੈ ? ਜੇਕਰ ਰਾਗੀ ਸਿੰਘ ਮਰਿਯਾਦਾ ਤੋਂ ਉਲਟ ਜਾ ਕੇ ਕੀਰਤਨ ਕਰਦੇ ਹਨ ਤਾਂ ਤਾਬਿਆ ਤੋਂ ਹੀ ਗ੍ਰੰਥੀ ਸਿੰਘ ਵੱਲੋਂ ਰਾਗੀ ਸਿੰਘਾਂ ਨੂੰ ਟੋਕਣਾ ਸਹੀ ਨਹੀਂ ਹੈ।  ਦੁਨਿਆਵੀ ਤੌਰ ‘ਤੇ ਤਾਂ ਇਸਦਾ ਫੈਸਲਾ ਅਸੀਂ ਵੀ ਕਰ ਸਕਦੇ ਹਾਂ ਕਿ ਮਹਾਰਾਜ ਦੇ ਦਰਬਾਰ ਵਿੱਚ ਇਸ ਤਰ੍ਹਾਂ ਕਰਨਾ ਬਿਲਕੁਲ ਠੀਕ ਨਹੀਂ ਹੈ ਕਿਉਂਕਿ ਸੰਗਤ ਦੇ ਮਨ ਵਿੱਚ ਤਾਬਿਆ ਬੈਠੇ ਹੈੱਡ ਗ੍ਰੰਥੀ ਸਾਹਿਬ ਲਈ ਵੀ ਓਨਾ ਹੀ ਸਤਿਕਾਰ ਹੁੰਦਾ ਹੈ ਤੇ ਰਾਗੀ ਸਿੰਘਾਂ ਲਈ ਵੀ ਓਨਾ ਹੀ ਹੁੰਦਾ ਹੈ।  ਜੇ ਇਹ ਦੋਵੇਂ ਧਿਰਾਂ ਇੱਕ ਦੂਜੇ ਦਾ ਜਨਤਕ ਤੌਰ ‘ਤੇ ਅਪਮਾਨ ਕਰਨ ਲੱਗ ਜਾਣ ਤਾਂ ਇਹ ਬਿਲਕੁਲ ਵੀ ਨਹੀਂ ਸ਼ੋਭਦਾ।

ਲੋਕਾਂ ਦੀ ਇਸ ਬਾਰੇ ਕੀ ਰਾਇ ਹੈ ?

 ਇਸ ‘ਤੇ ਧਾਰਮਿਕ ਲੋਕਾਂ ਦੀ ਵੀ ਆਪਣੀ-ਆਪਣੀ ਰਾਇ ਹੈ।  ਕਿਸੇ ਮੁਤਾਬਕ ਜੇ ਰਾਗੀ ਸਿੰਘ ਰਾਗਬੱਧ ਕੀਰਤਨ ਨਹੀਂ ਕਰਨਗੇ ਤਾਂ ਹੈੱਡ ਗ੍ਰੰਥੀ ਨਹੀਂ ਟੋਕਣਗੇ ਤਾਂ ਹੋਰ ਕੌਣ ਟੋਕੇਗਾ।  ਜ਼ਿਆਦਾਤਰ ਲੋਕ ਮੰਨਦੇ ਹਨ ਕਿ ਜੇਕਰ ਗਿਆਨੀ ਜਗਤਾਰ ਸਿੰਘ ਜੀ ਕੀਰਤਨੀ ਸਿੰਘਾਂ ਨੂੰ ਕੁੱਝ ਕਹਿਣਾ ਚਾਹੁੰਦੇ ਸਨ ਤਾਂ ਦਫਤਰ ਵਿੱਚ ਬੁਲਾ ਕੇ ਇੱਕ ਤਰੀਕੇ ਨਾਲ ਵੀ ਸਮਝਾ ਸਕਦੇ ਹਨ ਕਿਉਂਕਿ ਗੁਰੂ ਸਾਹਿਬ ਦੀ ਹਜੂਰੀ ਵਿੱਚ ਬਹਿ ਕੇ ਅਪਸ਼ਬਦ ਬੋਲਣੇ ਅਤੇ ਰਾਗੀ ਸਿੰਘਾਂ ਨੂੰ ਵਾਰ-ਵਾਰ ਕੀਰਤਨ ਕਰਦੇ ਟੋਕਣਾ, ਇਹ ਹੈਡ ਗ੍ਰੰਥੀ ਸਾਹਿਬ ਦੀ ਸ਼ੋਭਾ ਨੂੰ ਵੀ ਘਟਾਉਂਦਾ ਹੈ।

ਸਿੱਖ ਕੌਮ ਦੇ ਕੀਰਤਨੀਏ ਸਿੰਘਾਂ ਦਾ ਰੁਤਬਾ ਕੀ ਹੈ

 ਅਜਿਹੇ ਮਸਲੇ ਵਿੱਚ ਇਤਿਹਾਸ ਦੀ ਗੱਲ ਕਰਨੀ ਵੀ ਜ਼ਰੂਰੀ ਹੋ ਜਾਂਦੀ ਹੈ।  ਰਾਗੀ ਸਾਹਿਬਾਨਾਂ ਦਾ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਅਸਥਾਨ ਹੈ।  ਪੰਚਮ ਪਾਤਸ਼ਾਹ ਦੇ ਵੇਲੇ ਰਾਗੀ ਭਾਈ ਸੱਤਾ-ਬਲਵੰਡ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਏ ਸਾਹਿਬ ਕਹਿ ਕੇ ਬੁਲਾਂਦੇ ਸਨ ਜੋ ਕਿ ਉਨ੍ਹਾਂ ਸਮਿਆਂ ਵਿੱਚ ਰਾਜੇ-ਮਹਾਰਾਜਿਆਂ ਲਈ ਵਰਤਿਆ ਜਾਂਦਾ ਸੀ।  ਸ਼੍ਰੀ ਗੁਰੂ ਅਰਜਨ ਦੇਵ ਜੀ ਇੱਕ ਵਾਰ ਕੀਰਤਨੀਏ ਸੱਤੇ ਅਤੇ ਬਲਵੰਡ ਨੂੰ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮਨਾਉਣ ਲਈ ਵੀ ਗਏ ਸਨ।  ਸਿੱਖ ਇਤਿਹਾਸ ਵਿੱਚ ਭਾਈ ਹੀਰਾ ਸਿੰਘ ਬਹੁਤ ਹੀ ਸਨਮਾਨਯੋਗ ਕੀਰਤਨੀਏ ਹੋਏ ਹਨ, ਪ੍ਰੋਫੈਸਰ ਪੂਰਨ ਸਿੰਘ ਭਾਈ ਹੀਰਾ ਸਿੰਘ ਤੋਂ ਗੁਰਬਾਣੀ ਕੀਰਤਨ ਸੁਣ ਕੇ ਸਿੱਖੀ ਵੱਲ ਆ ਗਏ ਸਨ।

ਹੈੱਡ ਗ੍ਰੰਥੀ ਦਾ ਅਹੁਦਾ ਸਿੱਖ ਧਰਮ ‘ਚ ਕਿੰਨਾ ਅਹਿਮ

 ਹੈੱਡ ਗ੍ਰੰਥੀ ਸਾਹਿਬ ਦੀ ਪਦਵੀ ਉਹ ਅਸਥਾਨ ਹੈ, ਜਿੱਥੇ ਬਾਬਾ ਬੁੱਢਾ ਜੀ ਵਰਗੇ ਮਹਾਨ ਪੁਰਸ਼ ਬਿਰਾਜਮਾਨ ਸਨ ਅਤੇ ਅੱਜ ਗਿਆਨੀ ਜਗਤਾਰ ਸਿੰਘ ਵੀ ਉਸੇ ਅਹੁਦੇ ‘ਤੇ ਹਨ।  ਜੇ ਕੋਈ ਰਾਗੀ ਸਿੰਘ ਮਰਿਯਾਦਾ ਮੁਤਾਬਕ ਕੀਰਤਨ ਗਾਇਨ ਨਹੀਂ ਕਰਦਾ ਤਾਂ ਜ਼ਾਹਿਰ ਤੌਰ ‘ਤੇ ਇਸ ਤਰ੍ਹਾਂ ਸਭ ਦੇ ਸਾਹਮਣੇ ਰੁੱਖੀ ਭਾਸ਼ਾ ਵਿੱਚ ਟੋਕਣਾ ਗਲਤ ਹੀ ਮੰਨਿਆ ਜਾਵੇਗਾ ਭਾਵੇਂ ਉਹ ਕਿੰਨੇ ਵੀ ਵੱਡੇ ਅਹੁਦੇ ‘ਤੇ ਕਿਉਂ ਨਾ ਹੋਵੇ  ਕਿਉਂਕਿ ਨਿਰਮਾਣਤਾ, ਪਿਆਰ ਤੇ ਸਤਿਕਾਰ ਵਾਲਾ ਜੀਵਨ ਸਿੱਖ ਦੀ ਸ਼ਖਸੀਅਤ ਦਾ ਖਾਸ ਅੰਗ ਹੈ।  ਸਿੱਖ ਦੂਜੇ ਸਿੱਖ ਦਾ ਸਤਿਕਾਰ ਕਰਨ ਦੀ ਰਵਾਇਤ ਨੂੰ ਨਹੀਂ ਭੁੱਲ ਸਕਦੇ, ਉੱਚ ਪਦਵੀ ‘ਤੇ ਬੈਠੇ ਗੁਰਸਿੱਖਾਂ ਦਾ ਇੱਕ-ਦੂਜੇ ਨੂੰ ਮਾੜੀ ਭਾਸ਼ਾ ਵਰਤ ਕੇ ਬੁਲਾਉਣਾ ਸਿੱਖਾਂ ਨੂੰ ਸੋਭਾ ਨਹੀਂ ਦਿੰਦਾ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਫੈਸਲੇ ‘ਤੇ ਹੈ ਉਮੀਦ

 ਇਹ ਮਸਲਾ ਇੱਕ ਬੰਦ ਕਮਰੇ ਵਿੱਚ ਵੀ ਸੁਲਝਾਇਆ ਜਾ ਸਕਦਾ ਹੈ।  ਰਾਗੀ ਸਿੰਘਾਂ ਦਾ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਲਈ ਇਸ ਤਰ੍ਹਾਂ ਰੋਸ ਕਰਨਾ ਅਤੇ ਉਨ੍ਹਾਂ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਕਰਨੀ, ਸਿੱਖ ਜਗਤ ‘ਚ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਮਸਲੇ ‘ਤੇ ਜਲਦ ਹੀ ਕੋਈ ਫੈਸਲਾ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ ਤਾਂ ਜੋ ਇਹ ਮਸਲਾ ਸਮਾਜ ਲਈ ਇੱਕ ਤਮਾਸ਼ਾ ਨਾ ਬਣ ਜਾਵੇ ਅਤੇ ਸਿੱਖ ਜਗਤ ਦੇ ਪਵਿੱਤਰ ਅਸਥਾਨਾਂ ‘ਤੇ ਗ਼ਲਤ ਤਾਕਤਾਂ ਕੋਈ ਉਂਗਲ ਨਾ ਚੁੱਕ ਸਕਣ।