‘ਦ ਖ਼ਾਲਸ ਬਿਊਰੋ:- ਸਤਿਕਾਰ ਕਮੇਟੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਇਕੱਠੇ ਕਰਨ ਦਾ ਮਾਮਲਾ ਹੁਣ ਨਵਾਂ ਰੂਪ ਧਾਰਨ ਕਰਦਾ ਜਾ ਰਿਹਾ ਹੈ। ਬੀਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਦੇਸ਼ ਜਾਰੀ ਕੀਤਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਵੀ ਸਤਿਕਾਰ ਕਮੇਟੀ ਨੂੰ ਮਾਨਤਾ ਨਹੀਂ ਹੈ। ਇਸੇ ਸੰਬੰਧ ਵਿੱਚ ਅੱਜ ਵੱਖ-ਵੱਖ ਸਤਿਕਾਰ ਕਮੇਟੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਅਤੇ ਸੰਭਾਲ ਦੀ ਸੇਵਾ ਪਹਿਲਾਂ ਵਾਂਗ ਜਾਰੀ ਰੱਖਣਗੇ ਅਤੇ ਇਸ ਸਬੰਧ ਵਿੱਚ ਉਨ੍ਹਾਂ ਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ”।

 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਸ਼੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਜਲਾਲ ਦੇ ਅੰਮ੍ਰਿਤਧਾਰੀ ਸੇਵਾਮੁਕਤ ਪ੍ਰਿੰਸੀਪਲ ਜਸਵੰਤ ਸਿੰਘ ਦੇ ਘਰੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਬਰੀ ਚੁੱਕ ਕੇ ਲਿਜਾਣ ਦਾ ਗੰਭੀਰ ਨੋਟਿਸ ਲਿਆ ਸੀ। ਸਿੰਘ ਸਾਹਿਬ ਨੇ ਕਿਹਾ ਸੀ ਕਿ ਕਿਸੇ ਵੀ ਸਤਿਕਾਰ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਾਨਤਾ ਨਹੀਂ ਹੈ ਅਤੇ ਨਾ ਹੀ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਕਿਸੇ ਦੇ ਵੀ ਘਰੋਂ ਜਬਰੀ ਪਾਵਨ ਸਰੂਪ ਚੁੱਕਣ। ਇਸ ਤਰ੍ਹਾਂ ਸੰਗਤ ਦੇ ਮਨਾਂ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨੂੰ ਢਾਹ ਲਾਉਣ ਵਾਲੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

ਸਿੰਘ ਸਾਹਿਬ ਦੇ ਇਨ੍ਹਾਂ ਆਦੇਸ਼ਾਂ ਤੋਂ ਬਾਅਦ ਅੱਜ ਵੱਖ-ਵੱਖ ਸਤਿਕਾਰ ਕਮੇਟੀਆਂ ਦੇ ਨੁਮਾਇੰਦਿਆਂ ਨੇ ਮੀਟਿੰਗ ਕੀਤੀ। ਸਤਿਕਾਰ ਕਮੇਟੀ ਦੇ ਮੁਖੀ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਅੱਜ ਮੀਟਿੰਗ ਵਿੱਚ ਸਮੂਹ ਸਤਿਕਾਰ ਕਮੇਟੀਆਂ ਦੇ ਨੁਮਾਇੰਦਿਆਂ ਨੇ ਫ਼ੈਸਲਾ ਕੀਤਾ ਹੈ ਕਿ ਸਤਿਕਾਰ ਕਮੇਟੀਆਂ ਪਾਵਨ ਸਰੂਪਾਂ ਦੀ ਸੰਭਾਲ ਅਤੇ ਸਤਿਕਾਰ ਸਬੰਧੀ ਸ਼ੁਰੂ ਕੀਤੀ ਸੇਵਾ ਨੂੰ ਨਿਰੰਤਰ ਜਾਰੀ ਰੱਖਣਗੀਆਂ। ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਤਿਕਾਰ ਕਮੇਟੀਆਂ ਨੂੰ ਨਿੱਜੀ ਜਥੇਬੰਦੀਆਂ ਆਖਣ ਦਾ ਵਿਰੋਧ ਕੀਤਾ। ਸਤਿਕਾਰ ਕਮੇਟੀ ਦੇ ਸਾਰੇ ਨੁਮਾਇੰਦੇ ਸ਼੍ਰੀ ਅਕਾਲ ਤਖਤ ਸਾਹਿਬ ਨਤਮਸਤਕ ਵੀ ਹੋਏ।

ਸਤਿਕਾਰ ਕਮੇਟੀ ਦੇ ਨੁਮਾਇੰਦੇ

Leave a Reply

Your email address will not be published. Required fields are marked *